ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਹੈਅਰਡਰੈਸਰ ਤੇ ਬਾਰਬਰ ਸ਼ਾਪ ਨੂੰ ਸਰਕਾਰ ਵਲੋਂ ਵੀਰਵਾਰ ਤੋਂ ਖੌਲੇ ਜਾਣ ਦੀ ਇਜਾਜਤ ਦਿੱਤੀ ਗਈ ਹੈ। ਅਜਿਹਾ ਇਸ ਲਈ ਤਾਂ ਜੋ 3 ਦਸੰਬਰ ਤੋਂ ਲਾਗੂ ਹੋਣ ਵਾਲੇ ਟ੍ਰੈਫਿਕ ਲਾਈਟ ਸਿਸਟਮ ਤਹਿਤ ਲੋਕਾਂ ਨੂੰ ਵੈਕਸੀਨ ਪਾਸਪੋਰਟ ਵਰਤਣ ਦੀ ਆਦਤ ਪੈ ਜਾਏ।
ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰੋਬਾਰਾਂ ਲਈ ਕੋਵਿਡ ਵੈਕਸੀਨ ਪਾਸ ਵੈਰੀਫੀਕੇਸ਼ਨ ਐਪ ਨੂੰ ਲਾਜਮੀ ਨਾ ਕੀਤੇ ਜਾਣਾ ਸਰਕਾਰ ਲਈ ਇੱਕ ਵੱਡੀ ਚੁਣੌਤੀ ਪੈਦਾ ਕਰ ਸਕਦਾ ਹੈ, ਕਿਉਂਕਿ ਕੋਈ ਵੀ ਥੋੇੜੇ ਫੇਰਬਦਲ ਤੋਂ ਬਾਅਦ ਪ੍ਰਿੰਟ ਕੀਤੇ ਵੈਕਸੀਨ ਸਰਟੀਫੀਕੇਟ ਨੂੰ ਆਸਾਨੀ ਨਾਲ ਆਪਣੇ ਲਈ ਵਰਤ ਸਕਦਾ ਹੈ ਤੇ ਇਸਦੇ ਨਤੀਜੇ ਵਜੋਂ ਉਹ ਲੋਕ ਵੀ ਜਨਤਕ ਥਾਵਾਂ 'ਤੇ ਦਾਖਿਲ ਹੋ ਸਕਣਗੇ, ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੋਏਗੀ।
ਹਾਲਾਂਕਿ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਦਾ ਕਹਿਣਾ ਹੈ ਕਿ ਕਿਸੇ ਦੂਜੇ ਦੇ ਸਰਟੀਫਿਕੇਟ 'ਤੇ ਫੇਰਬਦਲ ਕਰ ਉਸਦੀ ਮੁੜ ਵਰਤੋਂ ਕਰਨ ਵਾਲੇ ਨੂੰ ਜੁਰਮਾਨਾ ਲਾਏ ਜਾਣ ਦੀ ਤਜਵੀਜ ਰੱਖੀ ਗਈ ਹੈ, ਪਰ ਇਸ ਟ੍ਰਾਇਲ ਪੀਰੀਅਡ ਵਿੱਚ ਹੀ ਸਾਫ ਹੋ ਜਾਏਗਾ ਕਿ ਇਹ ਤਰੀਕਾ ਕਾਰਗਰ ਸਾਬਿਤ ਹੋਏਗਾ ਜਾ ਨਹੀਂ।