ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਨੇ ਭਾਰਤ ਨੂੰ ਕੋਵਿਡ-19 ਦੇ ‘ਹਾਈ ਰਿਕਸ ਵਾਲੀ ਸੂਚੀ’ ਚੋਂ ਬਾਹਰ ਕੱਢ ਦਿੱਤਾ ਹੈ। ਜਿਸ ਨਾਲ ਅਗਲੇ ਮਹੀਨੇ ਤੋਂ ਭਾਰਤ ਤੋਂ ਆਉਣ ਵਾਲੇ ਨਿਊਜ਼ੀਲੈਂਡ ਵਾਸੀਆਂ ਦਾ ਦੁਬਈ ਵਰਗੇ ਕਿਸੇ ਤੀਜੇ ਦੇਸ਼ `ਚ 14 ਦਿਨ ਗੁਜ਼ਾਰ ਕੇ ਆਉਣ ਦਾ ਝੰਜਟ ਮੁੱਕ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਸਰਕਾਰ ਨੇ ਭਾਰਤ, ਪਾਕਿਸਤਾਨ, ਬਰਾਜ਼ੀਲ, ਇੰਡੋਨੇਸ਼ੇਆ ਅਤੇ ਫੀਜੀ ਤੋਂ ਆਉਣ ਵਾਲੇ ਨਿਊਜ਼ੀਲੈਂਡ ਰੈਜ਼ੀਡੈਂਟਸ ਵਾਸਤੇ ਸਿੱਧੇ ਆਉਣ ਲਈ ਦਸੰਬਰ ਤੋਂ ਦਰਵਾਜ਼ਾ ਖੋਲ੍ਹ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਹੁਣ ਤੱਕ ਇਨ੍ਹਾਂ ਦੇਸ਼ਾਂ ਨੂੰ ਹਾਈ ਰਿਕਸ ਸੂਚੀ `ਚ ਰੱਖਿਆ ਹੋਇਆ ਸੀ, ਜਿਸ ਕਰਕੇ ਉੱਥੋਂ ਆਉਣ ਵਾਲਿਆਂ ਨੂੰ ਪਹਿਲਾਂ ਕਿਸੇ ਹੋਰ ਦੇਸ਼ ਅਤੇ ਖਾਸ ਕਰਕੇ ਭਾਰਤੀਆਂ ਨੂੰ ਦੁਬਈ `ਚ 14 ਦਿਨ ਲਈ ਆਈਸੋਲੇਸ਼ਨ `ਚ ਰਹਿਣਾ ਪੈਂਦਾ ਸੀ।
ਇਸ ਬਾਰੇ ਇਮੀਗਰੇਸ਼ਨ ਸਲਾਹਕਾਰ ਕੇਟੀ ਆਰਮਸਟਰੌਂਗ ਨੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਹੈ ਕਿ ਨਿਊਜ਼ੀਲੈਂਡ ਨੇ ਭਾਰਤ ਨੂੰ ਹਾਈ ਸੂਚੀ `ਚ ਰੱਖ ਕੇ ਅਨਿਆਂ ਨਹੀਂ ਕੀਤਾ ਕਿਉਂਕਿ ਕਈ ਦੇਸ਼ਾਂ ਨੇ ਬਹੁਤ ਪਹਿਲਾਂ ਭਾਰਤ ਨੂੰ ਹਾਈ ਰਿਸਕ ਸੂਚੀ ਚੋਂ ਬਾਹਰ ਕੱਢ ਦਿੱਤਾ ਸੀ। ਜਿਸ ਨਾਲ ਨਿਊਜ਼ੀਲੈਂਡ ਨੂੰ ਧੱਬਾ ਲੱਗਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਵਿਦੇਸ਼ਾਂ ਚੋਂ ਆਉਣ ਵਾਲੇ ਜਿਆਦਾਤਰ ਵਰਕਰ ਭਾਰਤ ਚੋਂ ਹੀ ਆਉਂਦੇ ਹਨ।
ਜਿ਼ਕਰਯੋਗ ਹੈ ਕਿ ਵਾਇਆ ਦੁਬਈ ਆਉਣ ਨਾਲ ਭਾਰਤ ਵਾਸੀਆਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ। ਇਸ ਬਾਬਤ ਪਿਛਲੇ ਦਿਨੀਂ ਭਾਰਤ ਦੇ ਵਿਦੇਸ਼ ਮੰਤਰੀ ਡਾ ਐਸ ਜੈ ਸ਼ੰਕਰ ਨੇ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨੱਈਆ ਮਾਹੁਟਾ ਨਾਲ ਗੱਲਬਾਤ ਵੀ ਕੀਤੀ ਸੀ ਅਤੇ ਹਾਈ ਰਿਸਕ ਸੂਚੀ ਵਾਲਾ ਮੁੱਦਾ ਵੀ ਵਿਚਾਰਿਆ ਗਿਆ ਸੀ।