ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਦੱਖਣੀ ਆਕਲੈਂਡ ਵਿੱਚ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ 3 ਜਣਿਆਂ ਦੇ ਮਾਰੇ ਜਾਣ ਅਤੇ 3 ਜਣਿਆਂ ਦੇ ਗੰਭੀਰ ਹਾਲਤ ਵਿੱਚ ਜਖਮੀ ਹੋਣ ਦੀ ਪੁਸ਼ਟੀ ਹੋਈ ਸੀ। ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਕਰਦਿਆਂ ਦੱਸਿਆ ਹੈ ਕਿ ਤਿੰਨੋਂ ਨੌਜਵਾਨ ਨਿਊਜੀਲੈਂਡ ਵਿੱਚ ਕੰਮ ਕਰਨ ਆਏ ਆਰਜੀ ਸੀਜਨਲ ਵਰਕਰ ਸਨ ਤੇ ਤਿੰਨੋਂ ਹੀ ਇੱਕੋ ਵੈਨ ਵਿੱਚ ਸਵਾਰ ਸਨ। ਹਾਦਸਾ ਟਰੱਕ ਦੇ ਟਾਇਰ ਫੱਟਣ ਤੋਂ ਬਾਅਦ ਬੇਕਾਬੂ ਹੋਣ ਦੇ ਚਲਦਿਆਂ ਵਾਪਰਿਆ, ਜੋ ਸਾਹਮਣੇ ਆਉਂਦੀ ਵੈਨ ਤੇ 3 ਕਾਰਾਂ ਨਾਲ ਟਕਰਾ ਗਿਆ। ਬਾਕੀ ਦੇ ਤਿੰਨ ਜਖਮੀਆਂ ਵਿੱਚੋਂ 1 ਦੀ ਹਾਲਤ ਅਜੇ ਵੀ ਖਤਰੇ ਵਿੱਚ ਹੈ, ਜਦਕਿ 2 ਦੀ ਹਾਲਤ ਗੰਭੀਰ, ਪਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।