ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) - ਨਿਊਜ਼ੀਲੈਂਡ `ਚ ਮੁੱਖ ਵਿਰੋਧੀ ਧਿਰ ਦਾ ਰੋਲ ਨਿਭਾਅ ਰਹੀ ਨੈਸ਼ਨਲ ਪਾਰਟੀ `ਚ ਚੱਲ ਰਹੀ ਕਈ ਦਿਨਾਂ ਦੀ ਖਿੱਚੋਤਾਣ ਖ਼ਤਮ ਹੋ ਗਈ ਹੈ। ਬੌਟਨੀ ਤੋਂ ਪਾਰਲੀਮੈਂਟ ਮੈਂਬਰ ਕਰਿਸ ਲਕਸਨ ਨੈਸ਼ਨਲ ਪਾਰਟੀ ਦੇ ਆਗੂ ਬਣ ਗਏ ਹਨ। ਪਾਪਾਕੁਰਾ ਤੋਂ ਐਮਪੀ ਜੁਡਿਥ ਕੌਲਿਨ ਨੂੰ ਅਹੁਦੇ ਤੋਂ ਪਾਸੇ ਕੀਤੇ ਜਾਣ ਪਿੱਛੋਂ ਕੁੱਝ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਐਮਪੀ ਸਾਈਮਨ ਬਰਿਜਸ ਵੀ ਮੁੜ ਕਮਾਨ ਸੰਭਾਲ ਸਕਦੇ ਹਨ। ਪਰ ਅਜਿਹਾ ਨਹੀਂ ਹੋਇਆ ਕਿਉਂਕਿ ਉਹ ਖੁਦ ਹੀ ਅਹੁਦੇ ਦੀ ਦੌੜ ਚੋਂ ਪਿੱਛੇ ਹਟ ਗਏ ਸਨ ਅਤੇ ਕਰਿਸ ਦੀ ਹਮਾਇਤ ਕਰ ਦਿੱਤੀ ਸੀ।
ਕਰਿਸ ਸਾਲ 2020 `ਚ ਹੋਈਆਂ ਪਾਰਲੀਮੈਂਟ ਚੋਣਾਂ `ਚ ਪਹਿਲੀ ਵਾਰ ਆਕਲੈਂਡ ਦੇ ਬੌਟਨੀ ਹਲਕੇ ਤੋਂ ਚੋਣ ਜਿੱਤੇ ਸਨ। ਇਸ ਸੀਟ ਤੋਂ ਪਹਿਲਾਂ ਤੋਂ ਜੈਮੀ ਲੀ ਐਮੀਪੀ ਬਣੇ ਸਨ ਪਰ ਪਿਛਲੇ ਸਮੇਂ ਦੌਰਾਨ ਉਹ ਵਿਵਾਦਾਂ `ਚ ਰਹਿਣ ਕਰਕੇ ਪਾਰਟੀ ਛੱਡ ਗਏ ਸਨ ਅਤੇ ਇੱਥੋਂ ਟਿਕਟ ਕਰਿਸ ਲਕਸਨ ਨੂੰ ਮਿਲ ਗਈ ਸੀ ਅਤੇ ਚੋਣ ਜਿੱਤ ਗਏ ਸਨ। ਕਰਿਸ ਪਹਿਲਾਂ ਏਅਰ ਨਿਊਜ਼ੀਲੈਂਡ ਦੇ ਚੀਫ਼ ਐਗਜ਼ੈਕਟਿਵ ਅਫਸਰ ਵੀ ਰਹਿ ਚੁੱਕੇ ਹਨ।ਕ੍ਰਿਸ ਦਾ ਜਨਮ ਸਾਲ 1970 `ਚ ਕ੍ਰਾਈਸਟਚਰਚ ਵਿਖੇ ਹੋਇਆ ਸੀ ਪਰ ਜਦੋਂ ਉਹ 7 ਸਾਲ ਦਾ ਸੀ ਤਾਂ ਉਸਦਾ ਪਰਿਵਾਰ ਆਕਲੈਂਡ ਦੇ ਹੌਵਿਕ ਸਬਅਰਬ `ਚ ਆ ਗਿਆ ਸੀ।