ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਆਕਲੈਂਡ ਡਿਸਟ੍ਰੀਕਟ ਹੈਲਥ ਬੋਰਡ ਪਹਿਲੀ ਅਜਿਹੀ ਸਿਹਤ ਬੋਰਡ ਸੀ, ਜਿਸ ਵਿੱਚ ਪੂਰੀ ਤਰ੍ਹਾਂ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ 90% ਪਾਰ ਹੋਈ ਸੀ ਤੇ ਅਜੇ ਤੱਕ ਦੂਜੀ ਕਿਸੇ ਡੀ ਐਚ ਬੀ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੋਇਆ ਹੈ। ਹਾਂ, ਸ਼ਾਇਦ ਜਲਦ ਹੀ ਵਾਇਟੀਮਾਟਾ ਐਂਡ ਕੈਪੀਟਲ ਤੇ ਕੋਸਟ ਡੀ ਐਚ ਬੀ ਵੀ ਜਲਦ ਹੀ ਇਹ ਆਂਕੜਾ ਹਾਸਿਲ ਕਰ ਲੈਣ।
3 ਦਸੰਬਰ ਤੋਂ ਨਿਊਜੀਲੈਂਡ ਭਰ ਵਿੱਚ ਟ੍ਰੈਫਿਕ ਲਾਈਟ ਸਿਸਟਮ ਲਾਗੂ ਹੋਣ ਵਾਲਾ ਹੈ ਤੇ ਉਸ ਵਿੱਚ ਵੈਕਸੀਨੇਸ਼ਨ ਲਗਵਾਏ ਜਾਣ ਦੀ ਅਹਿਮੀਅਤ ਬਹੁਤ ਵੱਧ ਜਾਏਗੀ, ਕਿਉਂਕਿ ਬਹੁਤੀਆਂ ਜਨਤਕ ਥਾਵਾਂ 'ਤੇ ਜਾਣ ਦੀ ਇਜਾਜਤ ਸਿਰਫ ਵੈਕਸੀਨੇਸ਼ਨ ਲਗਵਾ ਚੁੱਕੇ ਲੋਕਾਂ ਨੂੰ ਹੀ ਮਿਲੇਗੀ।
ਹੁਣ ਤੱਕ ਕੁੱਲ ਵੈਕਸੀਨੇਸ਼ਨ ਯੋਗ ਨਿਊਜੀਲੈਂਡ ਵਾਸੀਆਂ ਦਾ 3.9 ਮਿਲੀਅਨ ਲੋਕ ਲਗਭਗ 92.6% ਕੋਰੋਨਾ ਦੀ ਪਹਿਲੀ ਵੈਕਸੀਨ ਲਗਵਾ ਚੁੱਕਾ ਹੈ, 3.6 ਮਿਲੀਅਨ ਲਗਭਗ 86% ਕੋਰੋਨਾ ਦੀਆਂ ਦੋਨੋਂ ਵੈਕਸੀਨ ਲਗਵਾ ਚੁੱਕੇ ਹਨ ਤੇ ਜੇ ਗੱਲ ਕਰੀਏ ਵੈਕਸੀਨ ਨਾ ਲਗਵਾਉਣ ਵਾਲਿਆਂ ਦੀ ਤਾਂ ਇਹ ਗਿਣਤੀ 312,700 ਬਣਦੀ ਹੈ, ਜੋ ਕਿ ਕੁੱਲ ਵੈਕਸੀਨੇਸ਼ਨ ਯੋਗ ਆਬਾਦੀ ਦਾ 7.4% ਹਿੱਸਾ ਬਣਦਾ ਹੈ।