ਆਕਲੈਂਡ : ਅਵਤਾਰ ਸਿੰਘ ਟਹਿਣਾ
ਨੌਜਵਾਨਾਂ ਨੂੰ ਪਾਰਲੀਮੈਂਟ ਦੇ ਕੰਮਾਂ-ਕਾਰਾਂ ਤੋਂ ਜਾਣੂ ਕਰਾਉਣ ਅਤੇ ਕਮਿਊਨਿਟੀ ਦੇ ਕੰਮਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਟਾਕਾਨਿਨੀ ਹਲਕੇ ਦੇ ਪਾਰਲੀਮੈਂਟ ਮੈਂਬਰ ਡਾ ਨੀਰੂ ਲੇਵਾਸਾ ਨੇ ਯੂਥ ਕੌਂਸਲ ਦਾ ਗਠਨ ਦਾ ਕਰ ਦਿੱਤਾ ਹੈ। ਛੇ ਮੈਂਬਰੀ ਕਮੇਟੀ `ਚ ਪੰਜਾਬੀ ਮੂਲ ਦੀਆਂ ਦੋ ਕੁੜੀਆਂ ਅਤੇ ਦੋ ਮੁੰਡਿਆਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਜੋ ਅਗਲੇ ਸਾਲ ਦੇ ਸ਼ੁਰੂ `ਚ ਪਾਰਲੀਮੈਂਟ ਵਿੱਚ ਹੋਰ ਪਾਰਲੀਮੈਂਟ ਮੈਂਬਰਾਂ ਨਾਲ ਵੀ ਮਿਲ ਕੇ ਵਿਚਾਰਾਂ ਕਰਨਗੇ।
ਪਾਰਲੀਮੈਂਟ ਮੈਂਬਰ ਡਾ ਲੇਵਾਸਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਮਹੱੱਤਵਪੂਰਨ ਕਮਿਊਨਿਟੀ ਮਾਮਲਿਆਂ `ਤੇ ਹੋਰ ਚਰਚਾ ਕਰਨ ਲਈ ‘ਟਾਕਾਨਿਨੀ ਇਲੈਕਟੋਰੇਟ ਯੂਥ ਕੌਂਸਲ’ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸਦੀ ਪੰਜ ਮੈਂਬਰੀ ਕਮੇਟੀ ਲਈ ਰਵਨੀਤ ਕੌਰ ਨੂੰ ਚੇਅਰਮੈਨ ਦੀ ਜਿ਼ੰਮੇਵਾਰੀ ਦਿੱਤੀ ਗਈ ਹੈ, ਜੋ ਕੁੱਝ ਦਿਨ ਪਹਿਲਾਂ ਯੂਥ ਪਾਰਲੀਮੈਂਟ ਮੈਂਬਰ ਵਜੋਂ ਚੁਣੀ ਗਈ ਸੀ। ਉਹ ਉਰਮਿਸਟਨ ਕਾਲਜ ਦੀ ਵਿਦਿਆਰਥਣ ਹੈ।
ਇਸੇ ਕਾਲਜ ਦੇ ਗੁਰਮੇਹਰ ਬਾਜਵਾ ਨੂੰ ਡਿਪਟੀ ਚੇਅਰਪਰਸਨ ਅਤੇ ਅਲਫਰਿਸਟਨ ਕਾਲਜ `ਚ 11ਵੀਂ ਕਲਾਸ ਦੇ ਵਿਦਿਆਰਥੀ ਸਿਮਰਤ ਸਿੰਘ ਨੂੰ ਸੈਕਟਰੀ ਦੀ ਜਿ਼ੰਮੇਵਾਰੀ ਦਿੱਤੀ ਹੈ। ਸਿਮਰਤ, ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਦੇ ਚੇਅਰਪਰਸਨ ਮਨਜਿੰਦਰ ਸਿੰਘ ਬਾਸੀ ਦਾ ਪੁੱਤਰ ਹੈ, ਜੋ ਲੌਕਡਾਊਨ ਦੌਰਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ `ਚ ਵੀ ਵਲੰਟੀਅਰ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ।
ਇਸ ਤਰ੍ਹਾਂ ਉਰਮਿਸਟਨ ਸੀਨੀਅਰ ਕਾਲਜ ਦੀ ਵਿਦਿਆਰਥਣ ਨਵਨੀਤ ਕੌਰ ਢਿੱਲੋਂ ਨੂੰ ਕਮਿਊਨਿਟੀ ਆਊਟਰੀਚ ਆਫ਼ੀਸਰ ਅਤੇ ਬੌਟਨੀ ਡਾਊਨਜ ਸਕੈਂਡਰੀ ਕਾਲਜ ਦੀ ਵਿਦਿਆਰਥਣ ਆਯਸ਼ਾ ਹਸਨ ਨੂੰ ਖਜ਼ਾਨਚੀ ਤੋਂ ਇਲਾਵਾ ਟੋਰਾ ਐਪੀਨੀਰੂ ਨੂੰ ਈਵੈਂਟ ਮੈਨੇਜਰ ਬਣਾਇਆ ਗਿਆ ਹੈ।
ਇਸ ਬਾਬਤ ਪਾਰਲੀਮੈਂਟ ਮੈਂਬਰ ਡਾ ਨੀਰੂ ਖੁਲਾਸਾ ਕਰ ਚੁੱਕੇ ਹਨ ਕਿ ਯੂਥ ਕੌਂਸਲਾ ਦਾ ਕਾਰਜਕਾਲ ਥੂਥ ਪਾਰਲੀਮੈਂਟ ਤੋਂ ਵੱਖਰਾ ਹੋਵੇਗਾ। ਜਿਹੜੇ ਨੌਜਵਾਨਾਂ ਨੂੰ ਯੂਥ ਪਾਰਲੀਮੈਂਟ ਦੇ ਰੂਪ `ਚ ਟੈਲੈਂਟ ਵਿਖਾਉਣ ਦਾ ਮੌਕਾ ਨਹੀਂ ਮਿਲਿਆ, ਉਹ ਯੂਥ ਕੌਂਸਲ ਰਾਹੀਂ ਆਪਣੀ ਪ੍ਰਤਿਭਾ ਵਿਖਾ ਸਕਣਗੇ। ਇਸ ਦੌਰਾਨ ਯੂਥ ਲੀਡਰਸਿ਼ਪ, ਮੀਡੀਆ ਅਤੇ ਪੌਲਟਿਕਸ ਬਾਰੇ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਦੇ ਲੀਡਰਾਂ ਨੂੰ ਤਿਆਰ ਕੀਤਾ ਜਾ ਸਕੇ।
ਜਿ਼ਕਰਯੋਗ ਹੈ ਕਿ ਹਰ ਜਨਰਲ ਪਾਰਲੀਮੈਂਟ ਦੀ ਤਿੰਨ ਸਾਲਾ ਮਿਆਦ ਦੌਰਾਨ 120 ਪਾਰਲੀਮੈਂਟ ਮੈਂਬਰਾਂ ਦੁਆਰਾ ਇੱਕ ਸਾਲ ਵਾਸਤੇ ਸਕੂਲਾਂ-ਕਾਲਜਾਂ `ਚ ਪੜ੍ਹਦੇ ਵਿਦਿਆਰਥੀਆਂ ਨੂੰ ਯੂਥ ਪਾਰਲੀਮੈਂਟ ਮੈਂਬਰ ਚੁਣਿਆ ਜਾਂਦਾ ਹੈ। ਮੌਜੂਦਾ 53ਵੀਂ ਪਾਰਲੀਮੈਂਟ ਦੀ 10ਵੀਂ ਯੂਥ ਪਾਰਲੀਮੈਂਟ ਦੀ ਮਿਆਦ ਅਗਲੇ ਸਾਲ 1 ਮਾਰਚ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਚੱਲੇਗੀ। ਜਿਸ ਦੌਰਾਨ 19 ਅਤੇ 20 ਜੁਲਾਈ ਨੂੰ ਯੂਥ ਪਾਰਲੀਮੈਂਟ ਮੈਂਬਰ ਪਾਰਲੀਮੈਂਟ `ਚ ਬੈਠਣਗੇ ਅਤੇ ਵੱਖ-ਵੱਖ ਮੁੱਦਿਆਂ `ਤੇ ਵਿਚਾਰ ਕਰਨਗੇ। ਜਿਸ ਮੌਕੇ ਉਨ੍ਹਾਂ ਨੂੰ ਕੁਇਸਚਨ ਟਾਈਮ, ਸਿਲੈਕਟ ਕਮੇਟੀਜ਼, ਜਨਰਲ ਡਿਬੇਟ, ਲੈਜਿਸਲੇਟਿਵ ਡਿਬੇਟ ਅਤੇ ਵੋਟ ਤੋਂ ਇਲਾਵਾ ਪਾਰਟੀ ਕੌਕਸ ਸੈਸ਼ਨ ਦੇ ਢੰਗ-ਤਰੀਕੇ ਸਿੱਖਣ ਦਾ ਮੌਕਾ ਮਿਲੇਗਾ।
ਜਿਸ ਕਰਕੇ ਯੂਥ ਕੌਂਸਲ ਦੇ ਗਠਨ ਨੂੰ ਵੀ ਬਹੁਤ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ, ਜਿਸ ਰਾਹੀਂ ਇਕ ਤੋਂ ਜਿਆਦਾ ਵਿਦਿਆਰਥੀ ਪਾਰਲੀਮੈਂਟ ਦੀ ਜਾਣਕਾਰੀ ਹਾਸਲ ਕਰ ਸਕਣਗੇ।