ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਬਾਕੀ ਦੇ ਦੇਸ਼ਾਂ ਨਾਲ ਬਾਰਡਰ ਤਾਂ ਪਤਾ ਨਹੀਂ ਕਦੋਂ ਖੁੱਲਣਗੇ, ਕਿਉਂਕਿ ਅਜੇ ਤਾਂ ਮਾਹਿਰ ਆਸਟ੍ਰੇਲੀਆ ਨਾਲ ਬਾਰਡਰ ਖੋਲੇ ਜਾਣ ਦੇ ਫੈਸਲੇ ਨੂੰ ਹੀ ਬਦਲਣ ਲਈ ਸਲਾਹ ਦੇ ਰਹੇ ਹਨ।
ਇਨ੍ਹਾਂ ਹੀ ਨਹੀਂ 'ਵੈਕਸੀਨੇਟਡ ਪਰਸਨ' ਦੀ ਪਰਿਭਾਸ਼ਾ ਵਿੱਚ ਤਬਦੀਲੀ ਕਰਦਿਆਂ 2 ਦੀ ਥਾਂ 3 ਵੈਕਸੀਨੇਸ਼ਨ ਨੂੰ ਨੂੰ ਮਾਨਤਾ ਦੇਣ ਦੀ ਗੱਲ ਵੀ ਕਹੀ ਜਾ ਰਹੀ ਹੈ।
ਆਕਲੈਂਡ ਯੂਨੀਵਰਸਿਟੀ ਦੇ ਕੰਪੁਟੇਸ਼ਨਲ ਬਾਇਓਲੋਜੀਸਟ ਡੈਵਿਡ ਵੈਲਸ਼ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਸਟ੍ਰੇਲੀਆ ਨਾਲ ਬਾਰਡਰ ਖੋਲੇ ਜਾਣ ਦੇ ਫੈਸਲੇ ਨੂੰ ਅਜੇ ਅਮਲ ਵਿੱਚ ਨਹੀਂ ਲਿਆਉਣਾ ਚਾਹੀਦਾ। ਡੈਵਿਡ ਵੈਲਸ਼ ਦਾ ਕਹਿਣਾ ਹੈ ਕਿ ਓਮੀਕਰੋਨ ਦੁਨੀਆਂ ਭਰ ਵਿੱਚ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਕਿਉਂਕਿ ਇਹ 2-3 ਦਿਨਾਂ ਵਿੱਚ ਹੀ ਦੁੱਗਣੀ ਤੇਜੀ ਨਾਲ ਫੈਲਣ ਦੀ ਸਮਰਥਾ ਰੱਖਦਾ ਹੈ। ਉਸਨੇ ਦੱਸਿਆ ਕਿ ਸਾਊਥ ਅਫਰੀਕਾ, ਡੈਨਮਾਰਕ, ਯੂਕੇ, ਆਸਟ੍ਰੇਲੀਆ ਵਿੱਚ ਵਧੇ ਕੇਸ ਇਸਦਾ ਨਤੀਜਾ ਹੀ ਹਨ। ਡੈਵਿਡ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਓਮੀਕਰਨ ਦੇ ਰੋਜਾਨਾ ਦੇ 10 ਕੇਸ ਇੱਕ ਮਹੀਨੇ ਵਿੱਚ 10,000 ਰੋਜਾਨਾ ਦੇ ਕੇਸਾਂ ਵਿੱਚ ਬਦਲ ਸਕਦੇ ਹਨ।