Tuesday, 27 February 2024
30 December 2021 New Zealand

ਨਿਊਜ਼ੀਲੈਂਡ `ਚ ਗੁਰਬਾਣੀ ਦੇ ਨਿਰਾਦਰ ਦੀ ਘਟਨਾ

-ਪ੍ਰਬੰਧਕ ਨੇ ਮੁਆਫ਼ੀ ਮੰਗ ਕੇ ਭੁੱਲ ਬਖਸ਼ਾਈ
ਨਿਊਜ਼ੀਲੈਂਡ `ਚ ਗੁਰਬਾਣੀ ਦੇ ਨਿਰਾਦਰ ਦੀ ਘਟਨਾ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)

ਨਿਊਜ਼ੀਲੈਂਡ ਵਿੱਚ ਇੱਕ ਪ੍ਰਾਈਵੇਟ ਪ੍ਰਾਪਰਟੀ `ਚ ਚੱਲ ਰਹੇ ਗੁਰੂਘਰ ਵਿਖੇ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦੇ ਨਿਰਾਦਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਪਿੱਛੋਂ ਪ੍ਰਬੰਧਕ ਨੇ ਮੁਆਫ਼ੀ ਮੰਗ ਕੇ ਭੁੱਲ ਬਖਸ਼ਾ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਾਮਰਸਟਨ ਨੌਰਥ `ਚ ਇਕ ਪ੍ਰਾਈਵੇਟ ਪ੍ਰਾਪਰਟੀ `ਚ ਚਲਾਏ ਜਾ ਰਹੇ ਗੁਰਦੁਆਰਾ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਨਾਲ ਸਬੰਧਤ ਹੈ। ਜਿੱਥੇ ਹਰ ਹਫ਼ਤੇ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਪ੍ਰਿੰਟ ਕੱਢ ਲਿਆ ਜਾਂਦਾ ਹੈ ਅਤੇ ਦਰਬਾਰ ਹਾਲ `ਚ ਉਸ ਤੋਂ ਵਿਆਖਿਆ ਕੀਤੀ ਜਾਂਦੀ ਹੈ।

ਇਹ ਘਟਨਾ ਕੁੱਝ ਦਿਨ ਪਹਿਲਾਂ ਵਾਪਰੀ ਸੀ। ਜਿਸ ਪਿੱਛੋਂ ਸਿੱਖ ਸ਼ਰਧਾਲੂਆਂ ਨੇ ਇਸ ਮਾਮਲੇ ਨੂੰ ਗੰਭੀਰ ਸਮਝਦਿਆਂ ਐੱਨਜ਼ੈੱਡ ਪੰਜਾਬੀ ਨਿਊਜ਼ ਦੇ ਧਿਆਨ `ਚ ਲਿਆਂਦਾ ਸੀ ਕਿ ਗੁਰਦੁਆਰਾ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਦੇ ਮੁੱਖ ਪ੍ਰਬੰਧਕ ਕਾਰਲ ਗਿੱਲ ਨੇ ਫੇਸਬੁੱਕ ਲਾਈਵ ਵੀਡੀਉ `ਚ ਗੁਰਬਾਣੀ ਦਾ ਨਿਰਾਦਰ ਕੀਤਾ ਹੈ। ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦਾਂ ਵਾਲੇ ਪ੍ਰਿੰਟ ਕੱਢ ਕੇ ਰੱਖੇ ਹੋਏ ਸਨ ਅਤੇ ਮਾਈਕ `ਤੇ ਬੋਲਦਿਆਂ ਪ੍ਰਿੰਟ ਆਪਣੇ ਪੈਰਾਂ ਨੇੜੇ ਰੱਖ ਲਿਆ ਅਤੇ ਚੌਂਕੜੀ ਮਾਰਦਿਆਂ ਪੈਰਾਂ ਨਾਲ ਛੂਹ ਗਿਆ ਸੀ।

ਕਈਆਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਠੇਸ ਪਹੁੰਚਾਊ ਘਟਨਾ ਹੈ। ਪਹਿਲੀ ਗੱਲ ਤਾਂ ਪਵਿੱਤਰ ਗੁਰਬਾਣੀ ਦੇ ਪ੍ਰਿੰਟ ਕੱਢਣੇ ਹੀ ਸਿੱਖ ਪ੍ਰੰਪਰਾਵਾਂ ਦੀ ਉਲੰਘਣਾ ਅਤੇ ਦੂਜਾ ਪ੍ਰਿੰਟ ਨੂੰ ਪੈਰਾਂ ਨਾਲ ਛੁਹਾਉਣਾ ਬਹੁਤ ਗੁਰਬਾਣੀ ਦਾ ਘੋਰ ਅਨਾਦਰ ਹੈ।

ਸਿੱਖ ਸ਼ਰਧਾਲੂਆਂ ਅਨੁਸਾਰ ਕਿਸੇ ਵੀ ਸੂਰਤ `ਚ ਗੁਰਬਾਣੀ ਦਾ ਪ੍ਰਿੰਟ ਨਹੀਂ ਕੱਢਿਆ ਜਾ ਸਕਦਾ ਅਤੇ ਆਮ ਕਰਕੇ ਸੰਗਤ ਦਰਬਾਰ ਹਾਲ `ਚ ਆਪਣੇ ਤੌਰ `ਤੇ ਸਿਰਫ਼ ਗੁਟਕਾ ਸਾਹਿਬ ਤੋਂ ਗੁਰਬਾਣੀ ਪੜ੍ਹ ਸਕਦੀ ਹੈ।

ਉਧਰ, ਗੁਰਦੁਆਰਾ ਸ੍ਰੀ ਹਰ ਕ੍ਰਿਸ਼ਨ ਸਾਹਿਬ ਪਾਮਰਸਟਨ ਨੌਰਥ ਦੇ ਪ੍ਰਬੰਧਕ ਕਾਰਲ ਗਿੱਲ ਨੇ ਐਨਜ਼ੈੱਡ ਪੰਜਾਬੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਣਜਾਣਪੁਣੇ `ਚ ਹੋਈ ਭੁੱਲ ਬਾਰੇ ਪਤਾ ਲੱਗਣ ਤੋਂ ਤੁਰੰਤ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਮੱੁਚੀ ਸਿੱਖ ਸੰਗਤ ਤੋਂ ਮਾਫ਼ੀ ਮੰਗ ਲਈ ਸੀ। ਉਨ੍ਹਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸੰਗਤ ਦੀ ਸੇਵਾ `ਚ ਜੁਟੇ ਹੋਏ ਹਨ ਅਤੇ ਪਹਿਲੀ ਵਾਰ ਅਜਿਹੀ ਉਕਾਈ ਹੈ। ਜਿਸਦਾ ਉਨ੍ਹਾਂ ਨੂੰ ਬਹੁਤ ਬੇਹੱਦ ਅਫ਼ਸੋਸ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ `ਚ ਹਮੇਸ਼ਾ ਸੁਚੇਤ ਰਹਿਣਗੇ।

ADVERTISEMENT
NZ Punjabi News Matrimonials