Thursday, 22 February 2024
31 December 2021 New Zealand

ਨਿਊਜ਼ੀਲੈਂਡ ਦੇ ਗੋਰੇ ਆਖ ਰਹੇ ਨੇ ‘ਥੈਂਕ ਯੂ ਮਿਸਟਰ ਸਿੰਘ’

ਲੌਕਡਾਊਨ `ਚ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਤੋਂ ਬਾਗ਼ੋ-ਬਾਗ਼
ਨਿਊਜ਼ੀਲੈਂਡ ਦੇ ਗੋਰੇ ਆਖ ਰਹੇ ਨੇ ‘ਥੈਂਕ ਯੂ ਮਿਸਟਰ ਸਿੰਘ’ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ `ਚ ਸਿੱਖ ਭਾਈਚਾਰੇ ਵੱਲੋਂ ਲੌਕਡਾਊਨ ਦੌਰਾਨ ਨਿਸ਼ਕਾਮ ਸੇਵਾ ਵਾਲੀ ਨਿਭਾਈ ਗਈ ਭੂਮਿਕਾ ਦੀ ਵੱਖ-ਵੱਖ ਸ਼ਹਿਰਾਂ ਦੇ ‘ਆਮ ਗੋਰੇ ਲੋਕ’ ਵੀ ਦਿਲੋਂ ਤਾਰੀਫ਼ ਕਰ ਰਹੇ ਹਨ, ਜਿਨ੍ਹਾਂ ਦੇ ਮਨ `ਚ ਪੱਗ ਪ੍ਰਤੀ ਹੋਰ ਵੀ ਸਤਿਕਾਰ ਵਧ ਗਿਆ ਹੈ। ਭਾਵੇਂ ਸਾਲ 2020 ਅਤੇ 2021 ਕਰੋਨਾ ਦੀ ਭੇਟ ਚੜ੍ਹੇ ਰਹੇ ਪਰ ਅਜਿਹੇ ਔਖੇ ਮੌਕੇ ਸਿੱਖ ਭਾਈਚਾਰੇ ਵੱਲੋਂ ‘ਫ੍ਰੀ ਫੂਡ ਬੈਗ’ ਦੀਆਂ ਸੇਵਾਵਾਂ ਨੇ ਆਮ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਸਿੱਖ ਭਾਈਚਾਰੇ ਪ੍ਰਤੀ ਪਿਆਰ-ਸਤਿਕਾਰ ਦੀ ਭਾਵਨਾ ਨੂੰ ਦਰਸਾਉਂਦੀ ਘਟਨਾ ਪਿਛਲੇ ਦਿਨੀਂ ਕ੍ਰਾਈਸਚਰਚ ਵਿੱਚ ਸਾਹਮਣੇ ਆਈ ਸੀ, ਜਦੋਂ ਇਕ ਦਸਤਾਰਧਾਰੀ ਪੰਜਾਬੀ ਨੌਜਵਾਨ ਪਬਲਿਕ ਸਰਵਿਸ ਵਾਲੀ ਬੱਸ ਚਲਾ ਰਿਹਾ ਸੀ। ਉਸ ਸਮੇਂ ਇੱਕ ਬੱਸ ਸਟਾਪ `ਤੇ ਉਤਰਨ ਵੇਲੇ ਕਰੀਬ 70-80 ਸਾਲ ਦੇ ਗੋਰੇ ਬਜ਼ੁਰਗ ਨੇ ‘ਦਸਤਾਰਧਾਰੀ ਪੰਜਾਬੀ ਡਰਾਈਵਰ’ ਨੂੰ ਥਾਪੀ ਦੇ ਆਖਿਆ “ਥੈਂਕ ਯੂ ਮਿਸਟਰ ਸਿੰਘ, ਯੂਅਰ ਕਮਿਊਨਿਟੀ ਪਲੇਅਡ ਗਰੇਟ ਰੋਲ ਡਿਊਰਿੰਗ ਲੌਕਡਾਊਨ”।

ਇਸ ਪੰਜਾਬੀ ਨੌਜਵਾਨ ਨੇ ਆਪਣਾ ਨਾਮ ਜਨਤਕ ਨਾ ਕੀਤੇ ਜਾਣ ਦੀ ਬੇਨਤੀ `ਤੇ ਐਨਜ਼ੈੱਡ ਪੰਜਾਬੀ ਨਿਊਜ਼ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਗੋਰੇ ਬਜ਼ੁਰਗ ਵੱਲੋਂ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਨੂੰ ਯਾਦ ਕੀਤੇ ਜਾਣ ਨਾਲ ਉਸਨੂੰ ਖੁਦ ਬਹੁਤ ਸੁਖਦ ਅਹਿਸਾਸ ਹੋਇਆ। ਜਿਸ ਨਾਲ ਇਹ ਗੱਲ ਤਸਦੀਕ ਹੋ ਗਈ ਹੈ ਕਿ ਸਿੱਖ ਭਾਈਚਾਰਾ ਫ਼੍ਰੀ ਫੂਡ ਬੈਗ ਵਾਲੀ ਸੇਵਾ ਨਾਲ ਦੇਸ਼ ਭਰ `ਚ ਆਪਣੀ ਪਛਾਣ ਬਣਾਉਣ ਲਈ ਕਾਮਯਾਬ ਰਿਹਾ ਹੈ। ਨੌਜਵਾਨ ਦੇ ਅੱਗੇ ਦੱਸਿਆ ਕਿ ਆਮ ਕਰਕੇ ਦੂਜੀਆਂ ਕਮਿਊਟਿਨੀਜ਼ ਵਾਲੇ ਪੱਗ ਸਬੰਧੀ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਰਹਿੰਦੇ ਹਨ ਪਰ ਗੋਰੇ ਬਜ਼ੁਰਗ ਨੇ ਜਿਸ ਤਰ੍ਹਾਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਉਸ ਨਾਲ ਸਪੱਸ਼ਟ ਹੁੰਦਾ ਹੈ ਕਿ ਸਿੱਖ ਭਾਈਚਾਰੇ ਆਪਣੇ ਚੰਗੇ ਕੰਮਾਂ ਨਾਲ ਸਮੁੱਚੇ ਲੋਕਾਂ `ਚ ਆਪਣਾ ਸਤਿਕਾਰ ਵਧਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਉਸ ਗੋਰੇ ਬਜ਼ੁਰਗ ਨੂੰ ਪਹਿਲਾਂ ਹੀ ਪਤਾ ਸੀ ਕਿ ਪੱਗ ਵਾਲੇ ਲੋਕ ਸਿੱਖ ਕਮਿਊਨਿਟੀ ਨਾਲ ਸਬੰਧਤ ਹਨ।
ਜਾਣਕਾਰੀ ਅਨੁਸਾਰ ਇਸੇ ਤਰ੍ਹਾਂ ਨਿਊ ਪਲੇਮਾਊਥ `ਚ ਵੀ ਇੱਕ ਫਾਰਮੇਸੀ `ਤੇ ਇੱਕ ਦਸਤਾਰਧਾਰੀ ਸਿੰਘ ਦਾ ਇੱਕ ਗੋਰੇ ਨੇ ਧੰਨਵਾਦ ਕੀਤਾ ਸੀ। ਡੁਨੇਡਿਨ ਵਿੱਚ ਵੀ ਅਜਿਹੀ ਵਰਤਾਰਾ ਵੇਖਣ ਨੂੰ ਮਿਲ ਚੁੱਕਾ ਹੈ, ਜਿੱਥੇ ਇੱਕ ਗੋਰੇ ਨੇ ਪੰਜਾਬੀ ਦਾ ਧੰਨਵਾਦ ਕੀਤਾ ਸੀ ਕਿ ਲੌਕਡਾਊਨ `ਚ ਸਿੱਖ ਭਾਈਚਾਰੇ ਦੀ ਭੂਮਿਕਾ ਬਹੁਤ ਵਧੀਆ ਰਹੀ ਹੈ।

ਜਿ਼ਕਰਯੋਗ ਹੈ ਕਿ ਪਿਛਲੇ ਸਾਲ ਲੌਕਡਾਊਨ ਲੱਗਣ ਤੋਂ ਅਗਲੇ ਦਿਨ ਹੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬੁਲਾਰੇ ਭਾਈ ਦਲਜੀਤ ਸਿੰਘ ਦੀ ਅਗਵਾਈ `ਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ `ਚ ਲੋੜਵੰਦਾਂ ਨੂੰ ਫ੍ਰੀ ਫੂਡ ਬੈਗ ਵੰਡੇ ਜਾਣ ਦੀ ਸੇਵਾ ਸ਼ੁਰੂ ਹੋ ਗਈ ਸੀ ਅਤੇ ਇਸ ਸਾਲ ਵੀ ਚੱਲਦੀ ਰਹੀ। ਉਸ ਪਿੱਛੋਂ ਦੇਸ਼ ਦੇ ਹੋਰ ਗੁਰਘਰਾਂ `ਚ ਵੀ ਸੇਵਾ ਸ਼ੁਰੂ ਹੋ ਗਈ ਸੀ ਅਤੇ ਹੁਣ ਤੱਕ ਸਿੱਖ ਸੁਸਾਇਟੀ ਦੀ ਨਿਗਰਾਨੀ ਹੇਠ ਲੱਖਾਂ ਫੂਡ ਵੰਡੇ ਜਾ ਚੁੱਕੇ ਹਨ ਅਤੇ ਤੱਕ ਇਹ ਸੇਵਾ ਚੱਲ ਰਹੀ ਹੈ।

ਜਿਸ ਪਿੱਛੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੀ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨ ਮੌਕੇ ਸਾਰੇ ਸਿੱਖ ਵਲੰਟਰੀਅਰਜ਼ ਦਾ ਧੰਨਵਾਦ ਕਰ ਚੁੱਕੇ ਹਨ। ਹਾਊਸਿੰਗ ਮਨਿਸਟਰ ਡਾ ਮੇਘਨ ਵੁੱਡ ਪਾਰਲੀਮੈਂਟ `ਚ ਤਜ਼ਵੀਜ਼ੀ ਮਤਾ ਵੀ ਪੇਸ਼ ਕਰ ਚੁੱਕੇ ਹਨ। ਨਿਊਜ਼ੀਲੈਂਡ ਦੇ ਹੋਰ ਪਾਰਲੀਮੈਂਟ ਮੈਂਬਰਾਂ ਤੋਂ ਇਲਾਵਾ, ਪਾਪਾਕੁਰਾ ਲੋਕਲ ਬੋਰਡ, ਪੁਲੀਸ ਡਿਪਾਰਟਮੈਂਟ, ਸਿਵਲ ਡਿਫੈਂਸ ਅਤੇ ਹੋਰ ਕਈ ਗੈਰ-ਸਰਕਾਰੀ ਅਦਾਰਿਆਂ ਨੇ ਵੀ ਸਿੱਖ ਸੁਸਾਇਟੀ ਨੂੰ ਪ੍ਰਸੰਸਾ ਪੱਤਰ ਭੇਜੇ ਜਾ ਚੁੱਕੇ ਹਨ ਅਤੇ ਅਜੇ ਭੇਜੇ ਜਾ ਰਹੇ ਹਨ, ਕਿਉਂਕਿ ਸੇਵਾ ਵਾਲਾ ਕੰਮ ਨਿਰੰਤਰ ਜਾਰੀ ਹੈ। ਪਿਛਲੇ ਹਫ਼ਤੇ ਨਿਊਜ਼ੀਲੈਂਡ ਦੇ ਐਥਨਿਕ ਮਾਮਲਿਆਂ ਬਾਰੇ ਮਨਿਸਟਰੀ ਨੇ ਵੀ ਆਪਣੇ ਨਿਊਜ਼ ਲੈਟਰ `ਚ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਫੂਡ ਬੈਗਜ ਦੀ ਸੇਵਾ ਦਾ ਉਚੇਚਾ ਜਿ਼ਕਰ ਕੀਤਾ ਹੈ।

ADVERTISEMENT
NZ Punjabi News Matrimonials