ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਪਿਛਲੇ ਦਿਨੀਂ ਇੱਕ ਦਰਦਨਾਕ ਸੜਕ ਹਾਦਸੇ `ਚ ਮੌਤ ਦੀ ਭੇਟ ਚੜ੍ਹੀ 22 ਸਾਲਾ ਪੰਜਾਬੀ ਕੁੜੀ ਸ਼ੁੱਭਮ ਕੌਰ ਦੀ ਅੰਤਿਮ ਅਰਦਾਸ 15 ਜਨਵਰੀ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਕੋਲਮਾਰ ਰੋਡ ਪਾਪਾਟੋਏਟੋਏ (ਆਕਲੈਂਡ) ਵਿਖੇ ਹੋਵੇਗੀ।
ਸ਼ੁੱਭਮ ਦੇ ਮਾਮਾ ਜਗਜੀਵਨ ਸਿੰਘ ਅਨੁਸਾਰ ਅੰਤਿਮ ਅਰਦਾਸ ਦੇ ਸਬੰਧ `ਚ ਡੇਢ ਵਜੇ ਪਾਠ ਦੇ ਸ਼ਲੋਕ ਸ਼ੁਰੂ ਹੋ ਜਾਣਗੇ, ਜਿਸ ਉਪਰੰਤ ਵਿਛੜੀ ਦੀ ਰੂਹ ਦੀ ਸ਼ਾਤੀ ਲਈ ਅਰਦਾਸ ਹੋਵੇਗੀ। ਜਿਸ ਵਿੱਚ ਪੁੱਜਣ ਲਈ ਸੰਗਤ ਨੂੰ ਅਪੀਲ ਕੀਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਜਿ਼ਕਰਯੋਗ ਹੈ ਕਿ ਪਿਛਲੇ ਦਿਨੀਂ ਵਾਇਆਕਾਟੋ ਖੇਤਰ `ਚ ਇੱਕ ਟੈਸਲਾ ਕਾਰ ਨੂੰ ਹਾਦਸਾ ਪੇਸ਼ ਆਉਣ ਕਰਕੇ ਅੱਗ ਲੱਗ ਜਾਣ ਨਾਲ ਪਾਪਾਟੋਏਟੋਏ ਵਾਸੀ ਸ਼ੁੱਭਮ ਕੌਰ ਦੀ ਮੌਕੇ `ਤੇ ਹੀ ਮੌਤ ਹੋ ਗਈ ਸੀ। ਜਿਸਦੀਆਂ ਅੰਤਿਮ ਰਸਮਾਂ ਸੀਮਤ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ `ਚ ਪੂਰੀ ਕਰ ਲਈਆਂ ਗਈਆਂ ਸਨ ਅਤੇ ਹੁਣ ਅੰਤਿਮ ਅਰਦਾਸ 15 ਜਨਵਰੀ ਨੂੰ ਹੋਵੇਗੀ।
ਦੱਸਣਯੋਗ ਹੈ ਕਿ ਸ਼ੁੱਭਮ ਨੇ ਆਕਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ ਤੋਂ ਲਾਅ ਦੀ ਡਿਗਰੀ ਕੀਤੀ ਹੋਈ ਸੀ। ਉਹ ਹੁਸਿ਼ਆਰਪੁਰ ਦੇ ਪਿੰਡ ਮੋਘੇਵਾਲ ਗੰਡਿਆਂ ਨਾਲ ਸਬੰਧਤ ਸੀ ਅਤੇ ਸਾਲ 2015 `ਚ ਆਪਣੇ ਮਾਤਾ-ਪਿਤਾ ਬਲਦੇਵ ਸਿੰਘ ਅਤੇ ਰਾਜਿੰਦਰਪਾਲ ਕੌਰ ਨਾਲ ਨਿਊਜ਼ੀਲੈਂਡ ਆਈ ਸੀ।
ਸੋਧ : ਪਹਿਲੀ ਖ਼ਬਰ `ਚ ਸ਼ੁੱਭਮ ਦਾ ਨਾਂ ਭੁਲੇਖੇ ਨਾਲ ਸਿ਼ਵਮ ਲਿਖਿਆ ਗਿਆ ਸੀ।