Monday, 02 August 2021
10 March 2020 New Zealand

ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੇ ਮੰਗੀਆਂ ਬਾਬਾ ਫ਼ਰੀਦ ਸਾਹਿਤ ਸਨਮਾਨ 2020' ਲਈ ਕਿਤਾਬਾਂ

ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੇ ਮੰਗੀਆਂ ਬਾਬਾ ਫ਼ਰੀਦ ਸਾਹਿਤ ਸਨਮਾਨ 2020' ਲਈ ਕਿਤਾਬਾਂ - NZ Punjabi News

* ਇਕਵੰਜਾ-ਇਕਵੰਜਾ ਹਜ਼ਾਰ ਦੇ ਇਸ ਸਾਲ ਦਿੱਤੇ ਜਾਣਗੇ ਦੋ ਸਾਹਿਤ ਸਨਮਾਨ
* ਗਲਪ ਅਤੇ ਕਵਿਤਾ ਲਈ ਅਲੱਗ-ਅਲੱਗ ਬਾਬਾ ਫ਼ਰੀਦ ਸਾਹਿਤ ਸਨਮਾਨ
* ਸਨਮਾਨ ਲਈ ਨਾਮਜ਼ਦਗੀਆਂ/ਕਿਤਾਬਾਂ ਭੇਜਣ ਦੀ ਆਖਰੀ ਤਰੀਕ 30 ਅਪ੍ਰੈਲ, 2020
ਫਰੀਦਕੋਟ : ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵਲੋਂ ਬਾਬਾ ਫ਼ਰੀਦ ਸਾਹਿਤ ਸਨਮਾਨ 2020 ਲਈ ਲੇਖਕਾਂ, ਪਾਠਕਾਂ ਅਤੇ ਪ੍ਰਕਾਸ਼ਕਾਂ ਕੋਲੋਂ ਕਿਤਾਬਾਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਵਲੋਂ ਦੱਸਿਆ ਗਿਆ ਕਿ ਸਾਲ 2020 ਦੇ ਬਾਬਾ ਫ਼ਰੀਦ ਸਾਹਿਤ ਸਨਮਾਨ ਤਹਿਤ ਇਸ ਵਾਰ ਦੋ ਸਨਮਾਨ ਦਿੱਤੇ ਜਾਣਗੇ। ਇਕ ਸਨਮਾਨ ਨਾਵਲ, ਕਹਾਣੀ, ਨਾਟਕ, ਵਾਰਤਕ ਅਤੇ ਦੂਜਾ ਸਨਮਾਨ ਕਵਿਤਾ ਦੀ ਕਿਤਾਬ ਨੂੰ ਦਿੱਤਾ ਜਾਵੇਗਾ। ਹਰ ਸਨਮਾਨ ਲਈ ਲੇਖਕ ਖ਼ੁਦ ਜਾਂ ਲੇਖਕ ਦੀ ਸਹਿਮਤੀ ਨਾਲ ਪਾਠਕ ਜਾਂ ਪ੍ਰਕਾਸ਼ਕ ਵੀ 30 ਅਪ੍ਰੈਲ, 2020 ਤੱਕ ਕਿਤਾਬਾਂ ਭੇਜ ਸਕਦੇ ਹਨ।
ਇਸ ਮੌਕੇ ਫਾਊਂਡੇਸ਼ਨ ਦੇ ਸਰਪ੍ਰਸਤ ਮਹੀਪ ਇੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ 2018 ਵਿਚ ਇਕਵੰਜਾ ਹਜ਼ਾਰ ਰੁਪਏ ਦਾ ਬਾਬਾ ਫ਼ਰੀਦ ਸਾਹਿਤ ਸਨਮਾਨ ਆਰੰਭ ਕੀਤਾ ਗਿਆ ਸੀ। ਇਸ ਸਾਲ ਤੋਂ ਇਹਨਾਂ ਸਨਮਾਨਾਂ ਦੀ ਰਕਮ ਨੂੰ ਦੁੱਗਣਾ ਕਰਦੇ ਹੋਏ ਕਵਿਤਾ ਅਤੇ ਗਲਪ ਲਈ ਅਲੱਗ ਅਲੱਗ ਦੋ ਸਨਮਾਨ ਦਿੱਤੇ ਜਾ ਰਹੇ ਹਨ।
ਫਾਊਂਡੇਸ਼ਨ ਦੇ ਜਨਰਲ ਸਕੱਤਰ ਗੁਰਅੰਮ੍ਰਿਤਪਾਲ ਸਿੰਘ ਚੰਦਬਾਜਾ ਨੇ ਸਨਮਾਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਨਮਾਨ ਲਈ ਪ੍ਰਾਪਤ ਹੋਈਆਂ ਕਿਤਾਬਾਂ ਦੀ ਮਾਹਿਰ ਵਿਦਵਾਨਾਂ ਪਾਸੋਂ ਪੜਚੋਲ ਕਰਵਾਉਣ ਤੋਂ ਬਾਅਦ ਹਰੇਕ ਸਨਮਾਨ ਲਈ ਬਿਹਤਰੀਨ ਕਿਤਾਬ ਦੀ ਚੋਣ ਕੀਤੀ ਜਾਵੇਗੀ।ਇਹ ਸਨਮਾਨ ਸਮਾਗਮ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਮਿਤੀ 21 ਸਤੰਬਰ, 2020 ਨੂੰ ਕੀਤੇ ਜਾਣਗੇ।
ਸਨਮਾਨ ਦੀ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਰਾਜਪਾਲ ਸਿੰਘ ਸੰਧੂ ਅਤੇ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ 2020 ਦੇ ਸਨਮਾਨ ਲਈ ਸਾਲ 2018 ਅਤੇ 2019 ਦੌਰਾਨ ਛਪੀਆਂ ਕਿਤਾਬਾਂ ਭੇਜੀਆਂ ਜਾ ਸਕਦੀਆਂ ਹਨ। ਫਾਊਂਡੇਸ਼ਨ ਵਲੋਂ ਤਿਆਰ ਕੀਤੇ ਨਾਮਜ਼ਦਗੀ ਫਾਰਮ ਸਮੇਤ ਕਿਤਾਬ ਦੀਆਂ ਘੱਟੋ ਘੱਟ ਤਿੰਨ ਕਾਪੀਆਂ ਡਾਕ ਜਾਂ ਕੋਰੀਅਰ ਰਾਹੀਂ ਸਨਮਾਨ ਲਈ ਭੇਜੀਆਂ ਜਾ ਸਕਦੀਆਂ ਹਨ। ਕਿਤਾਬ ਗੁਰਮੁਖੀ ਪੰਜਾਬੀ 'ਚ ਛਪੀ ਹੋਵੇ ਅਤੇ ਆਈ.ਐਸ.ਬੀ.ਐਨ. ਜ਼ਰੂਰ ਲੱਗਿਆ ਹੋਵੇ। ਨਾਮਜ਼ਦਗੀ ਫਾਰਮ ਮੰਗਵਾਉਣ ਲਈ ਅਤੇ ਵਧੇਰੇ ਜਾਣਕਾਰੀ ਲਈ ਈ-ਮੇਲ apafoundation2018@gmail.com ਜਾਂ ਵਟਸ ਐਪ ਨੰਬਰ 8968708283 'ਤੇ ਸੁਨੇਹਾ ਭੇਜਿਆ ਜਾ ਸਕਦਾ ਹੈ।
ਇਸ ਮੌਕੇ ਨਿਮਰਤਪਾਲ ਸਿੰਘ ਢਿੱਲੋਂ ਅਤੇ ਕਾਰਜ ਸਿੰਘ ਅਰਾਈਆਂਵਾਲਾ ਨੇ ਦੱਸਿਆ ਕਿ ਫਾਊਂਡੇਸ਼ਨ ਦਾ ਮੁੱਖ ਮਕਸਦ ਪੰਜਾਬੀ ਬੋਲੀ ਅਤੇ ਸਾਹਿਤ ਦੇ ਬਹੁ ਪੱਖੀ ਵਿਕਾਸ ਲਈ ਕੰਮ ਕਰਨਾ ਹੈ। ਇਸ ਲਈ ਬਾਬਾ ਫ਼ਰੀਦ ਸਾਹਿਤ ਸਨਮਾਨ ਅਤੇ ਬਾਬਾ ਫ਼ਰੀਦ ਮਾਂ ਬੋਲੀ ਸਨਮਾਨ ਦੇ ਨਾਲ ਨਾਲ ਪੰਜਾਬੀ ਸਾਹਿਤਕਾਰਾਂ ਨਾਲ ਰੂਬਰੂ ਅਤੇ ਗੋਸ਼ਟੀਆਂ ਦੇ ਸਮਾਗਮ ਹੋਰ ਵੀ ਵਧ ਚੜ੍ਹ ਕੇ ਕਰਵਾਏ ਜਾਂਦੇ ਰਹਿਣਗੇ।

ADVERTISEMENT
NZ Punjabi News Matrimonials