ਆਕਲੈਂਡ(ਹਰਪ੍ਰੀਤ ਸਿੰਘ) - 'ਤੇਰੇ ਟਿੱਲੇ ਤੋਂ ਸੂਰਤ ਦਿੰਦੀਆ ਹੀਰ ਦੀ' ਜਿਹੇ ਕਈ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਤੇ ਲੱਖਾਂ ਹੀ ਪੰਜਾਬੀ ਦਿਲਾਂ ਦਾ ਚਹਿਤਾ ਹਰਦੇਵ ਦਿਲਗੀਰ ਉਰਫ 'ਦੇਵ ਥਰੀਕੇ ਵਾਲਾ' ਬੀਤੀ ਰਾਤ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਹ 83 ਸਾਲਾਂ ਦੇ ਸਨ ਤੇ ਉਨ੍ਹਾਂ ਦੇ ਸਿਰ ਕਈ ਮਸ਼ਹੂਰ ਪੰਜਾਬੀ ਗਾਣੇ ਲਿਖਣ ਦਾ ਤਾਜ ਸਜਿਆ ਹੈ। ਗਾਇਕ ਕੁਲਦੀਪ ਮਾਣਕ ਜੀ ਨੂੰ ਕਲੀਆਂ ਦਾ ਸਰਤਾਜ ਬਨਾਉਣ ਵਿੱਚ ਦੇਵ ਥਰੀਕੇ ਵਾਲੇ ਦੀ ਹੀ ਅਹਿਮ ਭੂਮਿਕਾ ਸੀ। ਪਹਿਲੀ ਵਾਰ ਦੋਨਾਂ ਨੇ ਰੱਲ ਕੇ 1973 ਵਿੱਚ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਲਿਖੇ ਗੀਤ ਕਈ ਪੰਜਾਬੀ ਫਿਲਮਾਂ ਤੇ ਮਸ਼ਹੂਰ ਪੰਜਾਬੀ ਗਾਇਕਾਂ ਵਲੋਂ ਵੀ ਗਾਏ ਗਏ ਹਨ।