ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਰਹਿੰਦੀ ਕਿਰਨਦੀਪ ਕੌਰ ਦੀ ਸ਼ਿਕਾਇਤ 'ਤੇ ਉਸਦੇ ਨਾਲ ਲਿਵਇਨ ਵਿੱਚ ਰਹਿ ਰਹੇ ਜਲੰਧਰ ਦੇ ਪਿੰਡ ਬਾਠ ਕਲਾਂ ਨਾਲ ਸਬੰਧਤ ਰਣਜੀਤ ਸਿੰਘ ਕਾਹਲੋਂ ਵਲੋਂ ਡਿਪੋਰਟ ਹੋਣ ਤੋਂ ਬਾਅਦ ਕਿਰਨਦੀਪ ਦੇ ਲੁਧਿਆਣਾ ਰਹਿੰਦੇ ਪਿਤਾ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਉਸਨੇ ਆਪਣਾ ਕੀਤਾ ਵਟਸਐਪ 'ਤੇ ਵੀ ਕਬੂਲਿਆ।
ਰਣਜੀਤ ਸਿੰਘ ਜੋ ਕਿ ਇੱਕ ਪੰਜਾਬੀ ਸਿੰਗਰ ਸੀ, ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਗਾਣੇ ਅਪਲੋਡ ਕਰਦਾ ਸੀ ਤੇ ਇਸ ਤਰ੍ਹਾਂ ਆਸਟ੍ਰੇਲੀਆ ਰਹਿੰਦੀ ਕਿਰਨਦੀਪ ਦੇ ਸੰਪਰਕ ਵਿੱਚ ਆਇਆ ਸੀ। ਦੋਨੋਂ ਦੋਸਤ ਬਣੇ ਅਤੇ ਇਸ ਸਾਲ ਮਾਰਚ ਵਿੱਚ ਰਣਜੀਤ ਸਿੰਘ, ਕਿਰਨਦੀਪ ਨਾਲ ਰਹਿਣ ਆਸਟ੍ਰੇਲੀਆ ਆ ਗਿਆ ਅਤੇ ਦੋਨੋਂ ਇੱਕਠੇ ਰਹਿਣ ਲੱਗ ਪਏ, ਪਰ ਕੁਝ ਸਮੇਂ ਬਾਅਦ ਰਣਜੀਤ, ਕਿਰਨਦੀਪ ਨੂੰ ਤੰਗ ਕਰਨ ਲੱਗ ਪਿਆ ਤੇ ਉਸਨੂੰ ਪਹਿਲੇ ਤੋਂ ਤਲਾਕ ਲੈਕੇ ਉਸ ਨਾਲ ਵਿਆਹ ਕਰਵਾਉਣ ਲਈ ਆਖਣ ਲੱਗਾ ਤੇ ਅਜਿਹਾ ਨਾ ਕਰਨ 'ਤੇ ਉਸਦੇ ਪੰਜਾਬ ਰਹਿੰਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਤੇ ਇੱਕ ਦਿਨ ਕਲੇਸ਼ ਜਿਆਦਾ ਵਧਣ ਤੋਂ ਬਾਅਦ ਕਿਰਨਦੀਪ ਦੀ ਕੀਤੀ ਸ਼ਿਕਾਇਤ 'ਤੇ ਰਣਜੀਤ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ। ਕਿਰਨਦੀਪ ਅਨੁਸਾਰ ਰਣਜੀਤ ਸਿੰਘ ਇੱਕ ਸ਼ਰਾਬੀ ਵਿਅਕਤੀ ਸੀ। ਰਣਜੀਤ ਸਿੰਘ ਨੇ ਇੰਡੀਆ ਆ ਕੇ ਲੁਧਿਆਣਾ ਰਹਿੰਦੇ ਕਿਰਨਦੀਪ ਦੇ 78 ਸਾਲਾ ਪਿਤਾ ਦਾ ਕਤਲ ਕਰ ਦਿੱਤਾ। ਇਸ ਲਈ ਰਣਜੀਤ ਨੇ ਆਪਣੇ ਭਤੀਜੇ ਦੀ ਮੱਦਦ ਲਈ, ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਸਨੇ ਆਪਣੇ 'ਤੇ ਲੱਗੇ ਦੋਸ਼ ਕਬੂਲ ਲਏ ਹਨ। ਰਣਜੀਤ ਸਿੰਘ ਅਜੇ ਵੀ ਭਗੌੜਾ ਹੈ ਅਤੇ ਪੁਲਿਸ ਨੂੰ ਉਸਦੀ ਭਾਲ ਹੈ।