ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਮੰਗਲਵਾਰ ਰਾਤ 11.59 ਤੋਂ ਨਿਊਜੀਲੈਂਡ ਭਰ ਵਿੱਚ ਨਿਊਜੀਲੈਂਡ ਸਰਕਾਰ ਵਲੋਂ ਓਮੀਕਰੋਨ ਰਿਸਪਾਂਸ ਫੇਸ-2 ਲਾਗੂ ਕਰ ਦਿੱਤਾ ਜਾਏਗਾ। ਇਹ ਫੈਸਲਾ ਅੱਜ ਨਿਊਜੀਲੈਂਡ ਵਿੱਚ ਰਿਕਾਰਡਤੋੜ 981 ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ।
ਇਸ ਨਵੇਂ ਫੇਸ ਤਹਿਤ ਕੋਰੋਨਾ ਪਾਜਟਿਵ ਮਰੀਜ ਦਾ ਆਈਸੋਲੇਸ਼ਨ ਪੀਰੀਅਡ 14 ਦਿਨਾਂ ਤੋਂ ਘਟਾ ਕੇ 10 ਦਿਨ ਕਰ ਦਿੱਤਾ ਜਾਏਗਾ ਤੇ ਨਜਦੀਕੀ ਸੰਪਰਕਾਂ ਦਾ ਆਈਸੋਲੇਸ਼ਨ ਪੀਰੀਅਡ 10 ਦਿਨਾਂ ਤੋਂ ਘਟਾ ਕੇ 7 ਦਿਨ ਕਰ ਦਿੱਤਾ ਜਾਏਗਾ। ਇਸਦੇ ਨਾਲ ਹੀ ਹੁਣ ਕੋਰੋਨਾ ਪਾਜਟਿਵ ਮਰੀਜਾਂ ਦੇ ਨਜਦੀਕੀ ਸੰਪਰਕਾਂ ਨੂੰ ਐਕਸਟੇਂਡਡ ਆਈਸੋਲੇਸ਼ਨ ਪੀਰੀਅਡ ਵਿੱਚ ਵੀ ਨਹੀਂ ਪਾਇਆ ਜਾਏਗਾ, ਭਾਵ ਜੇ ਇੱਕੋ ਪਰਿਵਾਰ ਦਾ ਕੋਈ ਹੋਰ ਮੈਂਬਰ ਕੋਰੋਨਾ ਪਾਜਟਿਵ ਨਿਕਲਦਾ ਹੈ ਤਾਂ ਪਹਿਲਾਂ ਵਾਲੇ ਨਜਦੀਕੀ ਸੰਪਰਕਾਂ ਨੂੰ ਆਈਸੋਲੇਸ਼ਨ ਲਈ ਦੁਬਾਰਾ ਨਹੀਂ ਭੇਜਿਆ ਜਾਏਗਾ, ਬਸ਼ਰਤੇ ਉਸਦਾ ਕੋਵਿਡ ਟੈਸਟ ਨੈਗਟਿਵ ਆਏ।
ਇਸਦੇ ਨਾਲ ਰੈਪੀਡ ਐਂਟੀਜਨ ਟੈਸਟ ਦੀ ਵਰਤੋਂ ਵੀ ਵਧਾਈ ਜਾਏਗੀ ਤੇ ਨਜਦੀਕੀ ਸੰਪਰਕ ਵਾਲੇ ਕਰੀਟੀਕਲ ਵਰਕਰਾਂ ਦਾ ਰੋਜਾਨਾ ਕੋਰੋਨਾ ਟੈਸਟ ਹੋਏਗਾ, ਇਸ ਨਾਲ ਇਨ੍ਹਾਂ ਕਰਮਚਾਰੀਆਂ ਨੂੰ ਕੰਮ ਤੋਂ ਛੁੱਟੀ ਨਹੀਂ ਲੈਣੀ ਪਏਗੀ ਤੇ ਇਸਦਾ ਫਾਇਦਾ ਲਗਭਗ 5600 ਕਾਰੋਬਾਰੀਆਂ ਨੂੰ ਸਿੱਧੇ ਤੌਰ 'ਤੇ ਹੋਏਗਾ।
ਸਭ ਤੋਂ ਅਹਿਮ ਸਪਲਾਈ ਚੈਨ ਇਸ ਫੈਸਲੇ ਨਾਲ ਘੱਟ ਪ੍ਰਭਾਵਿਤ ਹੋਏਗੀ ਤੇ ਸਿਸਟਮ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਪਏਗਾ।