ਆਕਲੈਂਡ (ਹਰਪ੍ਰੀਤ ਸਿੰਘ) - ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਆਸਟ੍ਰੇਲੀਆ ਤੋਂ ਆਉਣ ਵਾਲੇ ਯਾਤਰੀਆਂ ਨੂੰ 28 ਫਰਵਰੀ ਤੋਂ ਐਮ ਆਈ ਕਿਊ ਵਿੱਚ ਕੁਆਰਂਟੀਨ ਕਰਨ ਦੀ ਜਰੂਰਤ ਨਹੀਂ ਹੋਏਗੀ, ਬਸ਼ਰਤੇ ਉਨ੍ਹਾਂ ਨੂੰ ਕੁਝ ਸਖਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ। ਨਿਊਜੀਲੈਂਡ ਪੁੱਜਣ ਵਾਲੇ ਇਨ੍ਹਾਂ ਯਾਤਰੀਆਂ ਨੂੰ ਪ੍ਰੀ-ਡਿਪਾਰਚਰ ਟੈਸਟ ਦਾ ਨਤੀਜਾ ਦਿਖਾਉਣਾ ਲਾਜਮੀ ਹੋਏਗਾ। ਇਸ ਤੋਂ ਇਲਾਵਾ ਇਨ੍ਹਾਂ ਯਾਤਰੀਆਂ ਨੂੰ ਆਪਣੇ ਘਰ ਵਿੱਚ 7 ਦਿਨ ਲਈ ਆਈਸੋਲੇਟ ਕਰਨਾ ਪਏਗਾ। ਇਹ ਯਾਤਰੀ ਇਸ ਸਮੇਂ ਕਿਤੇ ਵੀ ਆਉਣ-ਜਾਣ ਦੇ ਹੱਕਦਾਰ ਨਹੀਂ ਹੋਣਗੇ। ਏਅਰਪੋਰਟ ਤੋਂ ਇਨ੍ਹਾਂ ਯਾਤਰੀਆਂ ਨੂੰ ਜੋ ਵੀ ਕੋਈ ਰੀਸੀਵ ਕਰਨ ਆਏ, ਉਸਦੇ ਮਾਸਕ ਲੱਗਾ ਹੋਣਾ ਜਰੂਰੀ ਹੋਏਗਾ। ਆਈਸੋਲੇਸ਼ਨ ਦੇ ਸਮੇਂ ਦੌਰਾਨ ਇਨ੍ਹਾਂ ਯਾਤਰੀਆਂ ਨੂੰ ਕੋਈ ਮਿਲਣ ਨਹੀਂ ਆਉਣਾ ਚਾਹੀਦਾ ਤੇ ਨਾ ਹੀ ਇਹ ਕਿਸੇ ਨੂੰ ਮਿਲ ਸਕਦੇ ਹਨ।