ਆਕਲੈਂਡ (ਹਰਪ੍ਰੀਤ ਸਿੰਘ)- ਘਟਨਾ ਓਟੇਗੋ ਗਰਲਜ਼ ਹਾਈ ਸਕੂਲ ਵਿੱਚ ਬੀਤੀ 9 ਫਰਵਰੀ ਨੂੰ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਆਪਣੀਆਂ ਸਹੇਲੀਆਂ ਨਾਲ ਬੈਠੀ 17 ਸਾਲਾਂ ਹੋਦਾ ਅਲ ਜ਼ਾਮਾ ਦੀ ਉਸਦੇ ਸਕੂਲ ਦੀਆਂ ਹੋਰਨਾਂ ਕੁੜੀਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਇਸ ਸਭ ਦੀ ਵੀਡੀਓ ਬਣਾ ਕੇ ਇੰਟਰਨੈਟ 'ਤੇ ਵੀ ਪਾਈ ਗਈ।
ਹੋਡਾ ਅਨੁਸਾਰ ਉਹ ਆਪਣੀਆਂ ਸਹੇਲੀਆਂ ਨਾਲ ਬੈਠੀ ਸੀ, ਜਦੋਂ ਕੁਝ ਕੁੜੀਆਂ ਆਕੇ ਉਸਨੂੰ ਇਸਲਾਮ ਸਬੰਧੀ ਸੁਆਲ ਪੁੱਛਣ ਲੱਗੀਆਂ ਤੇ ਮਜਾਕ ਉਡਾਉਣ ਲੱਗੀਆਂ, ਇਨ੍ਹਾਂ ਹੀ ਨਹੀਂ ਕੁੜੀਆਂ ਨੇ ਹਿੰਸਕ ਹੁੰਦਿਆਂ ਉਸਦਾ ਹਿਜਾਬ ਉਤਾਰ ਦਿੱਤਾ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹੋਡਾ ਅਨੁਸਾਰ ਉਸਦੇ ਚਿਹਰੇ ਅਤੇ ਸ਼ਰੀਰ 'ਤੇ ਵਾਰ-ਵਾਰ ਲੱਤਾਂ ਮਾਰੀਆਂ ਗਈਆਂ, ਜਿਸ ਕਾਰਨ ਉਸਨੂੰ ਹਸਪਤਾਲ ਵੀ ਜਾਣਾ ਪਿਆ।
ਇਸ ਵੇਲੇ ਉਸਦੇ ਸਿਰਦਰਦ ਕਾਰਨ ਉਸਨੂੰ ਪੜ੍ਹਾਈ ਕਰਨੀ ਬਹੁਤ ਔਖੀ ਲੱਗ ਰਹੀ ਹੈ ਤੇ ਉਹ ਸਕੂਲ ਜਾਣ ਤੋਂ ਵੀ ਝਿਜਕ ਰਹੀ ਹੈ। ਪੁਲਿਸ ਨੇ ਕੁੜੀਆਂ ਦੀ ਪਹਿਚਾਣ ਕਰ ਲਈ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ।
ਹੋਡਾ ਅਨੁਸਾਰ ਇਹ ਘਟਨਾ ਉਸ ਨਾਲ ਪਹਿਲੀ ਵਾਰ ਨਹੀਂ ਹੋਈ, ਪਹਿਲਾਂ ਵੀ ਉਸਨੂੰ ਅੱਤਵਾਦੀ ਕਹਿ ਕੇ ਕਈ ਵਾਰ ਬੁਲਾਇਆ ਜਾ ਚੁੱਕਾ ਹੈ। ਇਸ ਘਟਨਾ ਵਿੱਚ ਉਸਦੀ ਮੱਦਦ ਕਰਨ ਵਾਲੀਆਂ ਸਹੇਲੀਆਂ ਦੀ ਵੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।