ਆਕਲੈਂਡ (ਹਰਪ੍ਰੀਤ ਸਿੰਘ) - 2014 ਵਿੱਚ ਵਿਦਿਆਰਥੀ ਵੀਜੇ 'ਤੇ ਆਇਆ ਤੇ ਉਸਤੋਂ ਬਾਅਦ ਹੁਣ ਤੱਕ ਵਰਕ ਵੀਜਿਆਂ 'ਤੇ ਨਿਊਜੀਲੈਂਡ ਰਿਹਾ 28 ਸਾਲਾ ਜਸਵਿੰਦਰ ਸਿੰਘ ਨੂੰ ਆਨਲਾਈਨ ਕੀਤੀ ਧੋਖਾਧੜੀ ਦੇ ਮਾਮਲੇ ਵਿੱਚ ਕੋਈ ਰਾਹਤ ਮਿਲਦੀ ਨਹੀਂ ਦਿਖਦੀ।
ਦਰਅਸਲ ਉਸਨੇ ਇੱਕ ਗਿਰੋਹ ਦਾ ਸਾਥ ਦਿੰਦਿਆਂ ਆਨਲਾਈਨ ਧੋਖਾਧੜੀ ਨੂੰ ਅੰਜਾਮ ਦੇਣ ਵਾਲਿਆਂ ਲਈ ਸਹਾਇਕ ਵਜੋਂ ਕੰਮ ਕੀਤਾ ਸੀ, ਜਿਸ ਕਾਰਨ ਉਸਨੂੰ 12 ਮਹੀਨੇ ਦੀ ਸੁਪਰਵੀਜ਼ਨ ਦੀ ਸਜਾ ਤੇ $23,000 ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਹੋਏ ਸਨ।
ਜਦੋਂ ਜਸਵਿੰਦਰ ਵਲੋਂ ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਹਰਜਾਨਾ ਉਸਨੇ ਰਿਸ਼ਤੇਦਾਰਾਂ ਤੇ ਮਾਲਕ ਤੋਂ ਕਰਜਾ ਲੈਕੇ ਵਾਪਿਸ ਕੀਤਾ ਹੈ ਤਾਂ ਉਸਨੂੰ 8 ਮਹੀਨੇ ਦਾ ਵਰਕ ਵੀਜਾ ਵੀ ਜਾਰੀ ਕੀਤਾ ਗਿਆ, ਤਾਂ ਜੋ ਉਹ ਆਪਣਾ ਕਰਜਾ ਉਤਾਰ ਸਕੇ। ਪਰ ਉਸ ਵਲੋਂ ਲਾਈ ਸਜਾ ਮੁਆਫੀ ਦੀ ਅਰਜੀ ਨੂੰ ਟ੍ਰਿਬਿਊਨਲ ਵਲੋਂ ਰੱਦ ਕਰ ਦਿੱਤਾ ਗਿਆ ਹੈ ਤੇ ਅਜਿਹੇ ਮਸਲੇ ਵਿੱਚ ਹੁਣ ਉਸਦਾ ਇੰਡੀਅਰ ਡਿਪੋਰਟ ਕੀਤੇ ਜਾਣਾ ਲਗਭਗ ਤੈਅ ਹੋ ਜਾਂਦਾ ਹੈ, ਕਿਉਂਕਿ ਟ੍ਰਿਬਿਊਨਲ ਵਿੱਚ ਇਸ ਗੱਲ ਨੂੰ ਵੀ ਨਹੀਂ ਮੰਨਿਆ ਗਿਆ ਕਿ ਇੰਡੀਆ ਜਾਕੇ ਉਸਨੂੰ ਦਿੱਕਤਾਂ ਆਉਣਗੀਆਂ ਜਾਂ ਉਸਨੂੰ ਨੌਕਰੀ ਨਹੀਂ ਮਿਲੇਗੀ।
ਜੱਜ ਨੇ ਵੀ ਆਪਣੇ ਪਹਿਲੇ ਫੈਸਲੇ ਵਿੱਚ ਇਹ ਦੱਸਿਆ ਸੀ ਕਿ ਜੇ ਉਸਦੀ ਸਜਾ ਮੁਆਫ ਹੁੰਦੀ ਹੈ ਤਾਂ ਉਸਦੇ ਡਿਪੋਰਟ ਕੀਤੇ ਜਾਣ ਦੇ ਮੌਕੇ ਘੱਟ ਜਾਣਗੇ।