ਆਕਲੈਂਡ (ਹਰਪ੍ਰੀਤ ਸਿੰਘ) - ਦਬਾਅ ਤੇ ਅਲੋਚਨਾਵਾਂ ਦਾ ਸਾਹਮਣਾ ਕਰ ਰਹੀ ਨਿਊਜੀਲੈਂਡ ਸਰਕਾਰ ਨੇ ਰੂਸ, ਉਸਦੇ ਸਾਥੀ ਦੇਸ਼ ਤੇ ਹੋਰ ਜੋ ਕੋਈ ਦੇਸ਼ ਵੀ ਯੁਕਰੇਨ 'ਤੇ ਹਮਲੇ ਦੀ ਹਾਮੀ ਭਰਦਾ ਹੈ, ਉਸ 'ਤੇ ਫਾਇਨੈਨਸ਼ਲ ਪਾਬੰਦੀਆਂ ਲਾਉਣ ਲਈ ਜਲਦ ਹੀ ਕਾਨੂੰਨ ਪਾਸ ਕਰਨ ਲਈ ਕਾਰਵਾਈ ਤੇਜ ਕਰ ਦਿੱਤੀ ਹੈ। ਕਾਨੂੰਨ ਪਾਸ ਹੁੰਦੇ ਸਾਰ ਹੀ ਆਪ-ਮੁਹਾਰੇ ਸਖਤ ਪਾਬੰਦੀਆਂ ਅਮਲ ਵਿੱਚ ਆ ਜਾਣਗੀਆਂ।
ਇਸ ਗੱਲ ਦਾ ਖੁਲਾਸਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਇੱਕ ਇਵੈਂਟ ਵਿੱਚ ਉਸ ਵੇਲੇ ਕੀਤਾ ਜਦੋਂ ਉਨ੍ਹਾਂ ਨੇ ਨਿਊਜੀਲੈਂਡ ਦਾ ਯੁਕਰੇਨੀਅਨ ਪੁਰਾਤਨ ਕਢਾਈ ਨਾਲ ਤਿਆਰ ਕੀਤਾ ਨਕਸ਼ਾ ਮੀਡੀਆ ਵਾਲਿਆਂ ਨੂੰ ਦਿਖਾਇਆ ਤੇ ਦੱਸਿਆ ਕਿ ਇਹ ਨਕਸ਼ਾ ਦਰਸਾਉਂਦਾ ਹੈ ਕਿ ਅਸੀਂ ਯੁਕਰੇਨ ਦੇ ਲੋਕਾਂ ਨਾਲ ਖੜੇ ਹਾਂ।
ਉਨ੍ਹਾਂ ਦੱਸਿਆ ਕਿ ਇਸ ਇਵੈਂਟ 'ਤੇ ਆਉਣ ਤੋਂ ਪਹਿਲਾਂ ਉਹ ਨਵੇਂ ਲਾਗੂ ਹੋਣ ਵਾਲੇ ਬਿੱਲ ਦਾ ਰੀਵਿਊ ਹੀ ਕਰ ਰਹੇ ਸਨ।