ਆਕਲੈਂਡ (ਹਰਪ੍ਰੀਤ ਸਿੰਘ) - ਉਮਰ 51 ਸਾਲ ਪਰ ਇਹ ਇੱਕ ਸਿਰਫ ਨੰਬਰ ਹੀ ਲੱਗਦਾ ਰੋਟੋਰੂਆ ਦੇ ਚਰਨਜੀਤ ਢਿੱਲੋਂ ਲਈ, ਕਿਉਂਕਿ ਰੋਜਾਨਾ 20 ਕਿਲੋਮੀਟਰ ਦੀ ਦੌੜ ਕਰਨ ਵਾਲੇ ਚਰਨਜੀਤ ਢਿੱਲੋਂ ਅੱਜ ਵੀ ਪੂਰੇ ਰਿਸ਼ਟ-ਪੁਸ਼ਟ ਹਨ ਤੇ ਇਸ ਗੱਲ ਦੀ ਹਾਮੀ ਉਨ੍ਹਾਂ ਦੇ ਸਟੋਰਾਂ ਵਿੱਚ ਆਉਣ ਵਾਲੇ ਲੁੱਟਾਂ-ਖੋਹਾਂ ਕਰਨ ਵਾਲੇ ਚੋਰ ਤੇ ਲੁਟੇਰੇ ਭਰਦੇ ਹਨ।
ਚਰਨਜੀਤ ਹੋਣਾ ਦੇ ਰੋਟੋਰੂਆ ਵਿੱਚ 4 ਸਟੋਰ ਤੇ ਟੌਰੰਗੇ ਵਿੱਚ ਇੱਕ ਸਟੋਰ ਹੈ। ਹੁਣ ਤੱਕ ਕਈ ਵਾਰ ਉਨ੍ਹਾਂ ਦਾ ਆਪਣੇ ਸਟੋਰਾਂ ਵਿੱਚ ਲੁਟੇਰਿਆਂ ਨਾਲ ਮੁਕਾਬਲਾ ਹੋ ਚੁੱਕਾ ਹੈ।
ਲੁਟੇਰਿਆਂ ਨੂੰ ਭਜਾਉਣ ਲਈ ਉਹ ਪੂਰੀ ਤਿਆਰੀ ਰੱਖਦੇ ਹਨ ਤੇ ਤਾਜਾ ਮਾਮਲੇ ਵਿੱਚ ਤਾਂ ਉਨ੍ਹਾਂ ਨੇ ਆਪਣੇ ਸਟੋਰ ਵਿੱਚੋਂ ਬੈਰਲ 51 ਬਰਬਨ ਦਾ ਬਾਕਸ ਤੇ ਕੋਲਾ ਦਾ ਬਾਕਸ ਲੈਕੇ ਭੱਜ ਰਹੇ ਚੋਰ ਨੂੰ ਮਜਾ ਸਿਖਾਇਆ, ਜਿਸਨੂੰ ਉਨ੍ਹਾਂ ਇਨ੍ਹਾਂ ਭਜਾਇਆ ਕਿ ਵਿਚਾਰੇ ਦੀ ਭੱਜਦੇ ਹੋਏ ਦੀ ਪੈਂਟ ਤੱਕ ਲੱਥ ਗਈ ਤੇ ਉਹ ਆਲੇ-ਦੁਆਲੇ ਦੇ ਲੋਕਾਂ ਲਈ ਹਾਸੇ ਦਾ ਪਾਤਰ ਬਣ ਗਿਆ।
ਚੋਰ ਪਿੱਛੇ ਭੱਜਣ ਦੀ ਉਨ੍ਹਾਂ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਅਜਿਹੇ ਕਾਰੇ ਕਰਨ ਦੇ ਬਾਵਜੂਦ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚੋਰ ਜਾਂ ਲੁਟੇਰੇ ਦਾ ਪਿੱਛਾ ਕਰਨ ਵੇਲੇ ਕੋਈ ਰਿਸਕ ਨਹੀਂ ਲੈਂਦੇ ਤੇ ਜੇ ਅਜਿਹਾ ਲੱਗੇ ਤਾਂ ਸੁਰੱਖਿਆ ਨੂੰ ਪਹਿਲ ਦਿੰਦੇ ਹਨ ਤੇ ਅਜਿਹਾ ਹੀ ਆਪਣੇ ਸਟੋਰ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਸਲਾਹ ਦਿੰਦੇ ਹਨ। ਦੱਸਦੀਏ ਕਿ ਚਰਨਜੀਤ ਢਿੱਲੋਂ ਪ੍ਰੋਫੈਸ਼ਨਲ ਭੰਗੜਾ ਕੋਚ ਵੀ ਹਨ ਤੇ ਬਾਲੀਵੁੱਡ ਦੀਆਂ ਲਗਭਗ 15 ਫਿਲਮਾਂ ਲਈ ਕੋਰੀਓਗ੍ਰਾਫੀ ਕਰ ਚੁੱਕੇ ਹਨ।