ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਅੱਤਵਾਦੀ ਹਮਲੇ ਵਿੱਚ ਬੱਚ ਗਏ ਤਮੇਲ ਅਤਾਕੋਕੁਗੁ ਨੇ ਡੁਨੇਡਿਨ ਤੋਂ ਕ੍ਰਾਈਸਚਰਚ ਦੀ 360 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਨਿਊਜੀਲੈਂਡ ਵੱਸਦੇ ਸਾਰੇ ਹੀ ਭਾਈਚਾਰਿਆਂ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਆਸ ਪ੍ਰਗਟਾਈ ਹੈ, ਤਮੇਲ ਨੇ ਇਸ ਪੈਦਲ ਯਾਤਰਾ ਨੂੰ 'ਪੀਸ ਵਾਕ' ਦਾ ਨਾਮ ਦਿੱਤਾ ਹੈ।
15 ਮਈ 2019 ਨੂੰ ਜਦੋਂ ਕ੍ਰਾਈਸਚਰਚ ਵਿੱਚ 2 ਮਸਜਿਦਾਂ 'ਤੇ ਅੰਨੇਵਾਹ ਗੋਲੀਬਾਰੀ ਕਰਕੇ ਦਰਜਨਾਂ ਬੇਦੋਸ਼ਿਆਂ ਨੂੰ ਮਾਰਿਆ ਗਿਆ ਸੀ ਤਾਂ ਉਸ ਵੇਲੇ ਤਮੇਲ ਦੇ ਵੀ 9 ਗੋਲੀਆਂ ਵੱਜੀਆਂ ਸਨ।
ਉਸਦ ਤੋਂ ਬਾਅਦ ਹੁਣ ਤੱਕ ਤਮੇਲ ਦੇ ਕਈ ਆਪ੍ਰੇਸ਼ਨ ਹੋ ਚੁੱਕੇ ਹਨ ਤੇ ਅਜੇ ਵੀ ਉਸਦੀ ਇੱਕ ਲੱਤ ਵਿੱਚ ਗੋਲੀ ਮੌਜੂਦ ਹੈ।
ਤਮੇਲ ਵਲੋਂ ਪੂਰੀ ਕੀਤੀ ਗਈ ਇਸ ਪੈਦਲ ਯਾਤਰਾ ਤੋਂ ਇੱਕਠੇ ਹੋਣ ਵਾਲੇ ਪੈਸੇ ਨਾਲ, ਉਸ ਵਲੋਂ ਬੱਚਿਆਂ ਦੀ ਭਲਾਈ ਲਈ ਚਲਾਈ ਜਾ ਰਹੀਆਂ ਸੰਸਥਾਵਾਂ ਨੂੰ ਮੱਦਦ ਪ੍ਰਦਾਨ ਕੀਤੀ ਜਾਏਗੀ।
ਉਸਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਨਿਊਜੀਲੈਂਡ ਦੇ ਸਮੂਹ ਭਾਈਚਾਰਿਆਂ ਵਲੋਂ ਉਸਨੂੰ ਬਹੁਤ ਸਹਿਯੋਗ ਮਿਲਿਆ ਹੈ ਤੇ ਇਸ ਲਈ ਤਮੇਲ ਨੇ ਸਮੂਹ ਨਿਊਜੀਲੈਂਡ ਵਾਸੀਆਂ ਦਾ ਦਿਲੋਂ ਧੰਨਵਾਦ ਅਦਾ ਕੀਤਾ ਹੈ।