Thursday, 22 February 2024
15 March 2020 New Zealand

ਸਿੱਖ ਸਪੋਰਟਸ ਕੰਪਲੈਕਸ ਦਾ ਉਦਘਾਟਨੀ ਸਮਾਗਮ ਮੁਲਤਵੀ

ਉਟਾਹੂਹੂ ਦੇ ਨਗਰ ਕੀਰਤਨ ਦਾ ਸਮਾਗਮ ਵੀ ਫਿਲਹਾਲ ਟਲਿਆ
ਸਿੱਖ ਸਪੋਰਟਸ ਕੰਪਲੈਕਸ ਦਾ ਉਦਘਾਟਨੀ ਸਮਾਗਮ ਮੁਲਤਵੀ - NZ Punjabi News

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਨਾਲ ਰਾਬਤਾ ,ਘਰੋਂ ਤਿਆਰ ਕੀਤਾ ਲੰਗਰ ਤੇ ਮਠਿਆਈ ਗੁਰੂਘਰ ਨਾ ਲਿਆਉਣ ਦੀ ਅਪੀਲ
ਆਕਲੈਂਡ (ਅਵਤਾਰ ਸਿੰਘ ਟਹਿਣਾ) ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਸੰਗਤ ਦੀ ਸੁਰੱਖਿਆ ਦਾ ਵਿਸ਼ੇਸ਼ ਖਿਆਲ ਰੱਖਦਿਆਂ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦੇ 20 ਤੋਂ 22 ਮਾਰਚ ਵਾਲੇ ਉਦਘਾਟਨੀ ਸਮਾਗਮ ਦੇ ਪ੍ਰੋਗਰਾਮਾਂ ਨੂੰ ਫਿਲਹਾਲ ਕਰੋਨਾ ਵਾਇਰਸ ਕਾਰਨ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ। ਉਟਾਹੂਹੂ 'ਚ ਅਗਲੇ ਮਹੀਨੇ ਹੋਣ ਵਾਲੇ ਨਗਰ ਕੀਰਤਨ ਬਾਰੇ ਵੀ ਮੁੜ ਵਿਚਾਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੰਗਤ ਵੱਲੋਂ ਆਪਣੇ ਘਰੋਂ ਤਿਆਰ ਕੀਤਾ ਗਿਆ ਲੰਗਰ ਅਗਲੇ ਦੋ ਹਫ਼ਤਿਆਂ ਤੱਕ ਗੁਰੂਘਰ 'ਚ ਨਾ ਲਿਆਉਣ ਦੀ ਅਪੀਲ ਵੀ ਕੀਤੀ ਹੈ। ਹਾਲਾਂਕਿ ਗੁਰੂਘਰ ਦੀ 15ਵੀਂ ਵਰ੍ਹੇਗੰਢ ਸਬੰਧੀ ਧਾਰਮਿਕ ਸਮਾਗਮ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ।
ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ 'ਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਸਪੋਰਟਸ ਕੰਪਲੈਕਸ ਦੇ ਉਦਘਾਟਨੀ ਸਮਾਗਮ ਮੌਕੇ ਹੋਣ ਵਾਲੇ ਟੂਰਨਾਮੈਂਟ ਨੂੰ ਹਾਲ ਦੀ ਘੜੀ ਮੁਲਤਵੀ ਕਰਨ ਦੀ ਸੂਚਨਾ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਭਲਕੇ ਵਿਸ਼ੇਸ਼ ਮਿਲਣੀ ਰਾਹੀਂ ਕਈ ਅਹਿਮ ਨੁਕਤੇ ਪੀਐਮ ਦਫ਼ਤਰ ਦੇ ਅਧਿਕਾਰੀਆਂ ਨਾਲ ਵਿਚਾਰੇ ਜਾਣਗੇ। ਇਸ ਗੱਲ 'ਤੇ ਜ਼ੋਰ ਦਿੱਤਾ ਜਾਵੇਗਾ ਕਿ ਉਦਘਾਟਨੀ ਸਮਾਗਮ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਅਹਿਮ ਸਖਸ਼ੀਅਤਾਂ ਦੇ ਵੀਜਿਆਂ ਦੀ ਮਿਆਦ ਅੱਗੇ ਵਧ ਸਕੇ ਅਤੇ ਦੁਬਾਰਾ ਅਰਜੀਆਂ ਦੇਣ ਦੀ ਲੋੜ ਨਾ ਰਹੇ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਮਨੁੱਖਤਾ ਦੀ ਭਲਾਈ ਵਾਸਤੇ ਲਿਆ ਗਿਆ ਹੈ ਤਾਂ ਜੋ ਵਾਇਰਸ ਹੋਰ ਅੱਗੇ ਨਾ ਫ਼ੈਲੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਪ੍ਰੈਲ ਮਹੀਨੇ ਉਟਾਹੂਹੂ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਨਗਰ ਕੀਰਤਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਉਸ ਬਾਰੇ ਅਗਲੀ ਰੂਪ-ਰੇਖਾ ਅੱਜ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਤੈਅ ਕੀਤੀ ਜਾਵੇਗੀ। ਜਿਸ ਸਬੰਧੀ ਹੋਰ ਅਹਿਮ ਫ਼ੈਸਲਿਆਂ ਬਾਰੇ ਵੀ ਸੰਗਤ ਨੂੰ ਛੇਤੀ ਹੀ ਸੂਚਨਾ ਦੇ ਦਿੱਤੀ ਜਾਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅਗਲੇ ਦੋ ਹਫ਼ਤਿਆਂ ਲਈ ਮਠਿਆਈ ਤੇ ਘਰ ਤੋਂ ਤਿਆਰ ਕੀਤਾ ਗਿਆ ਲੰਗਰ ਗੁਰੂਘਰ 'ਚ ਨਾ ਪਹੁੰਚਾਇਆ ਜਾਵੇ ਕਿਉਂਕਿ ਪ੍ਰਬੰਧਕਾਂ ਨੇ ਫ਼ੈਸਲਾ ਕੀਤਾ ਹੈ ਕਿ ਸਿਰਫ਼ ਗੁਰੂਘਰ 'ਚ ਤਿਆਰ ਕੀਤਾ ਲੰਗਰ ਹੀ ਸੰਗਤ ਨੂੰ ਵਰਤਾਇਆ ਜਾਵੇਗਾ।ਉਨ੍ਹਾਂ ਸੰਗਤ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਅਮਲ ਕਰਨ ਲਈ ਵੀ ਅਪੀਲ ਕੀਤੀ।

ADVERTISEMENT
NZ Punjabi News Matrimonials