ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਐਵਨਡੇਲ ਰੂਟ 'ਤੇ 13 ਨੰਬਰ ਦੇ ਬੱਸ ਦੇ ਡਰਾਈਵਰ ਰਜਨੀਸ਼ ਤਰੇਹਣ ਹੁਣ ਸ਼ਾਇਦ ਉਸ ਆਤਮ-ਵਿਸ਼ਵਾਸ਼ ਨਾਲ ਆਪਣੀ ਨੌਕਰੀ ਦੁਬਾਰਾ ਨਾ ਕਰ ਪਾਉਣ, ਜਿਵੇਂ ਪਹਿਲਾਂ ਕਰਦੇ ਸੀ। ਉਨ੍ਹਾਂ 'ਤੇ ਬੀਤੇ ਦਿਨੀਂ ਸਵੇਰੇ ਨਸਲੀ ਹਮਲਾ ਹੋਇਆ ਹੈ, ਜਿਸ ਵਿੱਚ ਹਮਲਾਵਰ ਨੇ ਉਨ੍ਹਾਂ ਦੇ ਚਿਹਰੇ 'ਤੇ ਮੁੱਕੇ ਮਾਰੇ ਅਤੇ ਇਸ ਕਾਰਨ ਉਨ੍ਹਾਂ ਦੇ ਦੰਦ ਵੀ ਹਿੱਲ ਗਏ ਤੇ ਚਿਹਰਾ ਲਹੂ-ਲੁਹਾਣ ਹੋ ਗਿਆ। ਰਜਨੀਸ਼ ਅਨੁਸਾਰ ਉਨ੍ਹਾਂ ਨੇ ਹਮਲਾਵਰ ਨੂੰ ਸਿਰਫ ਇਹੀ ਕਿਹਾ ਸੀ ਕਿ ਉਸਨੂੰ ਬੱਸ 'ਤੇ ਸਫਰ ਕਰਨ ਲਈ ਕਾਰਡ ਟੇਪ ਕਰਨਾ ਲਾਜਮੀ ਹੈ, ਪਰ ਉਸਨੇ ਅਜਿਹਾ ਨਹੀਂ ਕੀਤਾ ਤੇ ਉਲਟਾ ਰਜਨੀਸ਼ ਨੂੰ ਇਹ ਕਹਿਣ ਲੱਗਾ ਕਿ ਇਹ ਮੇਰਾ ਦੇਸ਼ ਹੈ ਤੇ ਤੂੰ ਮੇਰਾ ਨੌਕਰ ਹੈ। ਇਸਦੇ ਨਾਲ ਹੀ ਉਸਨੇ ਰਜਨੀਸ਼ ਦੇ ਚਿਹਰੇ 'ਤੇ ਮੁੱਕੇ ਜੜ੍ਹ ਦਿੱਤੇ। ਜਿਸ ਕਾਰਨ ਰਜਨੀਸ਼ ਨੂੰ ਹਸਪਤਾਲ ਭਰਤੀ ਹੋਣਾ ਪਿਆ। ਪੁਲਿਸ ਵਲੋਂ ਦੋਸ਼ੀ ਦੀ ਭਾਲ ਜਾਰੀ ਹੈ, ਕਿਉਂਕਿ ਹਮਲਾ ਕਰਕੇ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ।