ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸਤੰਬਰ ਵਿੱਚ ਅਹਿਮਦ ਸਮਸੂਦੀਨ ਨਾਮ ਦੇ ਵਿਅਕਤੀ ਵਲੋਂ ਨਿਊਲਿਨ ਮਾਲ ਵਿੱਚ ਛੁਰੇ ਨਾਲ ਕਰ ਆਮ ਲੋਕਾਂ ਨੂੰ ਜਖਮੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ, ਇਸ ਘਟਨਾ ਵਿੱਚ 7 ਜਣੇ ਜਖਮੀ ਵੀ ਹੋਏ ਸਨ, ਪਰ ਸਮਾਂ ਰਹਿੰਦਿਆਂ ਪੁਲਿਸ ਨੇ ਇਸ ਵੱਡੀ ਘਟਨਾ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਹੀ ਉਸਨੂੰ ਮਾਰ ਮੁਕਾਇਆ ਸੀ।
ਅਹਿਮਦ ਸਮਸੂਦੀਨ ਜੋ ਕਿ ਨਿਊਜੀਲੈਂਡ ਵਿੱਚ ਕਿਸੇ ਵੇਲੇ ਰਫੂਜੀ ਸਟੇਟਸ 'ਤੇ ਸੀ ਤੇ ਉਸਦੇ ਸਬੰਧ ਵਿੱਚ ਇਹ ਸਾਹਮਣੇ ਆਉਣ ਦੇ ਬਾਵਜੂਦ ਕਿ ਉਹ ਅੱਤਵਾਦੀ ਗਤੀਵਿਧੀਆਂ ਦਾ ਹਿੱਸਾ ਬਨਣਾ ਚਾਹੁੰਦਾ ਹੈ ਤੇ ਨਿਊਜੀਲੈਂਡ ਵਿੱਚ ਅਜਿਹੇ ਕਿਸੇ ਕਾਰੇ ਨੂੰ ਅੰਜਾਮ ਦੇ ਸਕਦਾ ਹੈ, ਉਸਨੂੰ ਕਾਨੂੰਨੀ ਬਰੀਕੀਆਂ ਕਾਰਨ ਡਿਪੋਰਟ ਕੀਤੇ ਜਾਣ ਦੀ ਸੁਣਵਾਈ ਦੌਰਾਨ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਉਸਨੇ ਇਸ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ।
ਪਰ ਹੁਣ ਨਿਊਜੀਲੈਂਡ ਸਰਕਾਰ ਕਾਨੂੰਨ ਵਿੱਚ ਬਦਲਾਅ ਲਿਆਉਂਦਿਆਂ ਅਜਿਹੇ ਵਿਅਕਤੀਆਂ ਨੂੰ ਨਿਊਜੀਲੈਂਡ ਤੋਂ ਵਾਪਿਸ ਡਿਪੋਰਟ ਕਰਨ ਸਬੰਧੀ ਕਾਨੂੰਨ ਪਾਸ ਕਰਨਾ ਚਾਹੁੰਦੀ ਹੈ, ਜਿਸ ਤਹਿਤ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਜਾਂ ਕੋਈ ਗੰਭੀਰ ਅਪਰਾਧ ਕਰਨ ਵਾਲੇ ਰਫੂਜੀਆਂ ਨੂੰ ਵਾਪਿਸ ਉਨ੍ਹਾਂ ਦੇ ਦੇਸ਼ ਬਿਨ੍ਹਾਂ ਦੇਰੀ ਤੇ ਖੱਜਲ-ਖੁਆਰੀ ਡਿਪੋਰਟ ਕੀਤਾ ਜਾਏ, ਭਾਂਵੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਜਾਨ ਗੁਆਏ ਦਾ ਖਤਰਾ ਹੀ ਕਿਉਂ ਨਾ ਹੋਏ।
ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਨੇ ਇਸ ਸਬੰਧੀ ਦੱਸਿਆ ਹੈ ਕਿ ਉਹ ਦੂਜੇ ਕਈ ਦੇਸ਼ਾਂ ਨਾਲ ਵੀ ਇਸ ਸਬੰਧੀ ਗੱਲਬਾਤ ਕਰ ਰਹੇ ਹਨ, ਕਿ ਅਜਿਹੇ ਵਿਅਕਤੀਆਂ ਨਾਲ ਉਨ੍ਹਾਂ ਦੀਆਂ ਸਰਕਾਰਾਂ ਕਿਵੇਂ ਨਜਿੱਠਦੀਆਂ ਹਨ ਤੇ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਜਲਦ ਹੀ ਇਸ ਸਬੰਧੀ ਚੰਗੇ ਨਤੀਜੇ ਸਾਹਮਣੇ ਆਉਣ ਦੀ ਆਸ ਹੈ।