ਆਕਲੈਂਡ (ਹਰਪ੍ਰੀਤ ਸਿੰਘ) - ਹਰ ਸਾਲ ਨਿਊਜੀਲੈਂਡ ਵਿੱਚ ਨਵੇਂ ਬਣੇ ਲਗਭਗ 3500 ਅਧਿਆਪਕ ਸਕੂਲਾਂ ਵਿੱਚ ਆਪਣੀਆਂ ਨਵੀਆਂ ਨੌਕਰੀਆਂ ਸ਼ੁਰੂ ਕਰਦੇ ਹਨ। ਪਰ ਇਸ ਮੌਕੇ ਇਨ੍ਹਾਂ ਨੂੰ ਲਗਭਗ $300 ਪ੍ਰਤੀ ਹਫਤੇ ਦੇ ਹਿਸਾਬ ਨਾਲ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਤੇ ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਇਨ੍ਹਾਂ ਨੂੰ ਪੇਰੋਲ ਸਿਸਟਮ ਤਸਦੀਕ ਨਹੀਂ ਕਰ ਦਿੰਦਾ ਕਿ ਇਹ ਬਾਕੀ ਦੇ ਅਧਿਆਪਕਾਂ ਦੇ ਬਰਾਬਰ ਤਨਖਾਹਾਂ ਲੈਣ ਦੇ ਹੱਕਦਾਰ ਹਨ।
ਵੈਸੇ ਤਾਂ ਇਸ ਸਟੇਜ ਨੂੰ ਪਾਰ ਕਰਨ ਲਈ ਅਧਿਆਪਕਾਂ ਨੂੰ ਕੁਝ ਹਫਤਿਆਂ ਤੋਂ ਕੁਝ ਕੁ ਮਹੀਨਿਆਂ ਦਾ ਸਮਾਂ ਹੀ ਲੱਗਦਾ ਹੈ, ਪਰ ਇਸ ਸਾਲ ਹੁਣ ਤੱਕ ਨਵੇਂ ਆਏ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਨਹੀਂ ਮਿਲੀਆਂ ਹਨ ਤੇ ਇਹ ਅਧਿਆਪਕਾਂ ਲਈ ਵੱਡੀ ਸੱਮਸਿਆ ਬਣਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇੱਕ ਅਧਿਆਪਕ ਜੋ ਕਿ ਸਕੂਲ ਵਿੱਚ ਹਰ ਹਫਤੇ ਘੱਟੋ-ਘੱਟ 50 ਘੰਟੇ ਦੀ ਮਿਹਨਤ ਕਰਦਾ ਹੈ, ਉਸਨੂੰ $42000 ਤਨਖਾਹ ਦਿੱਤੀ ਜਾ ਰਹੀ ਹੈ, ਜਦਕਿ ਉਸਦੀ ਤਨਖਾਹ ਤਸਦੀਕ ਹੋਣ 'ਤੇ $56000 ਬਣਦੀ ਹੈ ਤੇ ਇਸ ਹਿਸਾਬ ਨਾਲ ਉਸਨੂੰ ਹਰ ਹਫਤੇ $300 ਘੱਟ ਦਿੱਤੇ ਜਾ ਰਹੇ ਹਨ, ਜੋ ਕਿ ਆਰਥਿਕ ਰੂਪ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ।
ਇਸ ਸੱਮਸਿਆ ਸਬੰਧੀ ਐਜੁਕੇਸ਼ਨ ਮਸਿਨਟਰੀ ਦੀ ਐਜੁਕੇਸ਼ਨ ਵਰਕਫੋਰਸ ਲੀਡਰ ਐਨਾ ਵੇਲਾਨੀਕ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਅਧਿਆਪਕਾਂ ਦੀਆਂ ਆਈਆਂ ਸੈਲਰੀ ਅਸੈਸਮੈਂਟ ਅਰਜੀਆਂ ਨੂੰ ਰੀਵਿਊ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਦੀ ਅਸੈਸਮੈਂਟ ਲਈ ਦੇਰੀ ਹੋ ਰਹੀ ਹੈ, ਉਨ੍ਹਾਂ ਦੀਆਂ ਅਰਜੀਆਂ ਲਈ ਵਿਸ਼ੇਸ਼ ਸਟਾਫ ਤੈਨਾਤ ਕੀਤਾ ਜਾ ਰਿਹਾ ਹੈ ਤਾਂ ਜੋ ਅਧਿਆਪਕਾਂ ਨੂੰ ਸਮੇਂ ਸਿਰ ਉਨ੍ਹਾਂ ਦੀ ਵਧੀ ਤਨਖਾਹ ਮਿਲ ਸਕੇ।
ਐਨਾ ਨੇ ਇਸ ਮੌਕੇ ਇਹ ਵੀ ਕਿਹਾ ਕਿ ਕਈ ਵਾਰ ਅਰਜੀਆਂ ਵਿੱਚ ਪੂਰੀ ਜਾਣਕਾਰੀ ਮੁੱਹਈਆ ਨਹੀਂ ਕਰਵਾਈ ਜਾਂਦੀ, ਜੋ ਕਿ ਇਸ ਦੇਰੀ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ।