ਆਕਲੈਂਡ (ਹਰਪ੍ਰੀਤ ਸਿੰਘ) - ਐਮ ਬੀ ਆਈ ਈ ਨੇ ਕੁਝ ਸਮਾਂ ਪਹਿਲਾਂ ਇਹ ਗੱਲ ਆਖੀ ਸੀ ਕਿ ਜਿਵੇਂ ਹੀ ਨਿਊਜੀਲੈਂਡ ਦੇ ਬਾਰਡਰ ਖੁੱਲਣੇ ਸ਼ੁਰੂ ਹੋਣਗੇ, ਉਸਦੇ ਨਾਲ ਹੀ ਨੌਜਵਾਨ ਵਰਗ ਵਿੱਚ ਨਿਊਜੀਲੈਂਡ ਛੱਡ ਵਿਦੇਸ਼ਾਂ ਵਿੱਚ ਸੈੱਟ ਹੋਣ ਦਾ ਰੁਝਾਣ ਵੱਧ ਜਾਏਗਾ। ਐਮ ਬੀ ਆਈ ਅਨੁਸਾਰ 50,000 ਜਾਂ ਇਸ ਤੋਂ ਵੀ ਕਿਤੇ ਵੱਧ ਨੌਜਵਾਨ ਅਜਿਹਾ ਕਰ ਸਕਦੇ ਹਨ ਤੇ ਪਹਿਲਾਂ ਤੋਂ ਹੀ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਨਿਊਜੀਲੈਂਡ ਦੇ ਕਾਰੋਬਾਰੀਆਂ ਲਈ ਇਹ ਵੱਡੀ ਦਿੱਕਤ ਪੈਦਾ ਕਰ ਸਕਦਾ ਹੈ।
ਐਮ ਬੀ ਆਈ ਈ ਦੀ ਕੀਤੀ ਭਵਿੱਖਬਾਣੀ ਸੱਚ ਹੁੰਦੀ ਜਾਪ ਰਹੀ ਹੈ, ਕਿਉਂਕਿ ਜਦੋਂ ਕੁਝ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਯੂਰਪੀਅਨ ਦੇਸ਼ਾਂ ਵਿੱਚ ਜਾ ਕੇ ਆਪਣਾ ਭਵਿੱਖ ਬਨਾਉਣ ਦੀ ਗੱਲ ਕਬੂਲੀ ਗਈ, ਉਨ੍ਹਾਂ ਦੀ ਇਹ ਯੋਜਨਾ 2020 ਤੋਂ ਸਿਰਫ ਕੋਰੋਨਾ ਕਾਰਨ ਬੰਦ ਪਏ ਬਾਰਡਰਾਂ ਦੇ ਕਰਕੇ ਟੱਲ ਗਈ ਸੀ।
ਬਿਜਨੈਸ ਐਨ ਜੈਡ ਦਾ ਇਸ ਸਬੰਧੀ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਪੈਦਾ ਹੋ ਰਿਹਾ ਇਹ ਰੁਝਾਣ ਨਿਊਜੀਲੈਂਡ ਦੇ ਕਾਰੋਬਾਰੀਆਂ ਲਈ ਵੱਡੀ ਦਿੱਕਤ ਸਾਬਿਤ ਕਰ ਸਕਦਾ ਹੈ, ਕਿਉਂਕਿ ਬਾਰਡਰ ਬੰਦ ਪਏ ਹੋਣ ਕਾਰਨ ਜਿੱਥੇ ਪਹਿਲਾਂ ਹੀ ਹਜਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਕਰਮਚਾਰੀ ਭਾਰਤ ਵਰਗੇ ਮੁਲਕਾਂ ਵਿੱਚ ਫਸੇ ਹੋਏ ਹਨ, ਉਸਦੇ ਨਾਲ ਹੀ ਜੇ ਇੱਥੇ ਰਹਿੰਦੇ ਨਿਊਜੀਲੈਂਡ ਦੇ ਨੌਜਵਾਨ ਬਾਹਰ ਚਲੇ ਗਏ ਤਾਂ ਕਾਰੋਬਾਰੀਆਂ 'ਤੇ ਦੁਬਾਰਾ ਤੋਂ ਮਾਰ ਪੈਣੀ ਤੈਅ ਹੈ।