ਆਕਲੈਂਡ (ਹਰਪ੍ਰੀਤ ਸਿੰਘ) - ਰਿਚਮੰਡ ਦੇ ਨਾਰਥ ਏਵਨ ਰੋਡ ਸਥਿਤ ਇੱਕ ਘਰ ਵਿੱਚ ਰਹਿੰਦਾ ਅਮ੍ਰਿਤਪਾਲ ਸਿੰਘ ਤੜਕੇ 3.50 'ਤੇ ਗੁੜੀ ਨੀਂਦ ਸੁੱਤਾ ਪਿਆ ਸੀ, ਜਦੋਂ ਅਚਾਨਕ ਇੱਕ ਤੇਜ ਰਫਤਾਰ ਬੇਕਾਬੂ ਕਾਰ ਉਸਦੇ ਬੈਡਰੂਮ ਵਿੱਚ ਆ ਵੜੀ, ਚੰਗੀ ਕਿਸਮਤ ਨੂੰ ਕਾਰ ਉਸਦੇ ਬੱੈਡ ਦੇ ਬਿਲਕੁਲ ਨਜਦੀਕ ਰੁੱਕ ਗਈ ਤੇ ਵੱਡਾ ਹਾਦਸਾ ਹੋਣੋ ਟਲ ਗਿਆ। ਡਰ ਨਾਲ ਭਰੇ ਅਮ੍ਰਿਤ ਪਹਿਲਾਂ ਤਾਂ ਹਾਦਸੇ ਮੌਕੇ ਇੰਝ ਲੱਗਿਆ ਕਿ ਕੋਈ ਭੂਚਾਲ ਆਇਆ ਹੋਏ, ਪਰ ਜਲਦ ਹੀ ਉਹ ਸਮਝ ਗਿਆ ਕਿ ਇੱਕ ਬੇਕਾਬੂ ਕਾਰ ਉਸਦੇ ਕਮਰੇ ਵਿੱਚ ਆ ਵੜੀ ਹੈ। ਉਸਦਾ ਲੈਪਟਾਪ, ਘੜੀਆਂ ਤੇ ਹੋਰ ਕੀਮਤੀ ਸਮਾਨ ਇਸ ਹਾਦਸੇ ਵਿੱਚ ਪੂਰੀ ਤਰ੍ਹਾਂ ਨਸ਼ਟ ਹੋ ਗਏ ਹਨ। ਮੋਹਿਤ ਤੇ ਮੁਨੀਸ਼ ਵੀ ਅਮ੍ਰਿਤਪਾਲ ਨਾਲ ਇਸੇ ਘਰ ਵਿੱਚ ਰਹਿੰਦੇ ਸਨ, ਪਰ ਹੁਣ ਇਹ ਘਰ ਰਹਿਣਯੋਗ ਨਹੀਂ ਰਿਹਾ ਤੇ ਪ੍ਰਾਪਰਟੀ ਮੈਨੇਜਰ ਉਨ੍ਹਾਂ ਨੂੰ ਰਹਿਣ ਲਈ ਹੋਰ ਘਰ ਲੱਭ ਕੇ ਦੇ ਰਿਹਾ ਹੈ।
ਕਾਰ ਦਾ ਡਰਾਈਵਰ ਜੋ ਕਿ 19-20 ਸਾਲਾਂ ਦਾ ਨੌਜਵਾਨ ਸੀ, ਇਸ ਦੁਰਘਟਨਾ ਵਿੱਚ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ, ਜਿਸਦੀ ਅਮ੍ਰਿਤਪਾਲ ਨੇ ਹਰ ਪੱਖੋਂ ਮੱਦਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸਨੂੰ ਗੱਡੀ ਚੋਂ ਬਾਹਰ ਕੱਢਕੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ। ਕਾਰ ਇਨੇਂ ਜੋਰ ਨਾਲ ਘਰ ਨਾਲ ਟਕਰਾਈ ਸੀ ਕਿ ਉਸਦੀ ਆਵਾਜ 3-4 ਘਰ ਦੂਰ ਤੱਕ ਵੀ ਸੁਣਾਈ ਦਿੱਤੀ।