ਆਕਲੈਂਡ (ਹਰਪ੍ਰੀਤ ਸਿੰਘ) - 75000 ਤੋਂ ਵਧੇਰੇ ਮੈਂਬਰਾਂ ਵਾਲੇ ਪ੍ਰਵਾਸੀਆਂ ਨਾਲ ਸਬੰਧਤ ਫੇਸਬੁੱਕ ਗਰੁੱਪ ‘ਮਾਈਗ੍ਰੇਂਟਸ ਐਨ ਜੈਡ’ ਨੂੰ ਸ਼ਿਕਾਇਤ ਤੋਂ ਬਾਅਦ ਬੰਦ ਕੀਤੇ ਜਾਣ ਦੀ ਖਬਰ ਹੈ। ਇਸ ਗਰੁੱਪ ਵਿੱਚ ਉਨ੍ਹਾਂ ਪ੍ਰਵਾਸੀਆਂ ਵਲੋਂ ਰੋਜਾਨਾ ਸੈਂਕੜੇ ਪੋਸਟਾਂ ਪਾਈਆਂ ਜਾਂਦੀਆਂ ਸਨ, ਜੋ ਲੌਕਡਾਊਨ ਤੋਂ ਬਾਅਦ ਇਮੀਗ੍ਰੇਸ਼ਨ ਸਬੰਧੀ ਸਰਕਾਰੀ ਸਹਾਇਤਾ ਹਾਸਿਲ ਕਰਨ ਵਿੱਚ ਅਸਫਲ ਰਹਿੰਦੇ ਸਨ ਤੇ ਇੱਥੇ ਉਨ੍ਹਾਂ ਨੂੰ ਚੰਗੀ ਸਲਾਹ ਕਈ ਮਾਹਿਰਾਂ ਵਲੋਂ ਦਿੱਤੀ ਜਾਂਦੀ ਸੀ।
ਇਮੀਗ੍ਰੇਸ਼ਨ ਅਡਵਾਈਜ਼ਰਜ਼ ਅਥਾਰਟੀ (ਆਈ ਏ ਏ) ਨੂੰ ਕੀਤੀ ਸ਼ਿਕਾਇਤ ਵਿੱਚ ਇਹ ਦੱਸਿਆ ਗਿਆ ਸੀ ਕਿ ਇਸ ਗਰੁੱਪ ਵਿੱਚ ਹਰ ਵੇਲੇ ਇਸ ਗੱਲ ਦੀ ਸੰਭਾਵਨਾ ਬਣੀ ਰਹਿੰਦੀ ਹੈ ਕਿ ਕੋਈ ਮੈਂਬਰ ਗਲਤ ਜਾਣਕਾਰੀ ਹਾਸਿਲ ਕਰਕੇ ਆਪਣਾ ਨੁਕਸਾਨ ਕਰਵਾ ਸਕਦਾ ਹੈ।
ਪਰ ਇਮੀਗ੍ਰੇਸ਼ਨ ਮਾਹਿਰ ਵਕੀਲ ਐਲੀਸਟਰ ਮੈਕਲੀਮਾਂਟ ਦਾ ਇਸ ਸਬੰਧੀ ਸਾਫ ਕਹਿਣਾ ਹੈ ਕਿ ਇਸ ਗਰੁੱਪ ਵਿੱਚ ਕਈ ਮਾਹਿਰ ਸਨ, ਜੋ ਵੱਖੋ-ਵੱਖ ਮੁੱਦਿਆਂ 'ਤੇ ਸਲਾਹ ਦਿੰਦੇ ਸਨ ਤੇ ਜੇ ਕਿਤੇ ਉਹ ਸਲਾਹ ਮੁਕੰਮਲ ਨਹੀਂ ਲੱਗਦੀ ਸੀ, ਤਾਂ ਉਸ ਵਿੱਚ ਦੂਜੇ ਮਾਹਿਰਾਂ ਵਲੋਂ ਤੁਰੰਤ ਸੁਧਾਰ ਕੀਤਾ ਜਾਂਦਾ ਸੀ ਤੇ ਗਲਤ ਸਲਾਹ ਮਿਲਣ ਦਾ ਕਿਸੇ ਨੂੰ ਸੁਆਲ ਹੀ ਨਹੀਂ ਬਣਦਾ ਸੀ। ਦੱਸਦੀਏ ਕਿ ਇਸ ਗਰੁੱਪ ਵਿੱਚ 200 ਦੇ ਕਰੀਬ ਮਾਹਿਰ ਇਮੀਗ੍ਰੇਸ਼ਨ ਸਲਾਹਕਾਰ ਵੀ ਸਨ।
ਆਈ ਏ ਏ ਵਲੋਂ ਇਸ ਗਰੁੱਪ ਨੂੰ ਬੰਦ ਕਰਨ ਸਬੰਧੀ ਵੱਖੋ-ਵੱਖ ਸਮਿਆਂ 'ਤੇ ਗਰੁੱਪ ਮੈਂਬਰ ਨੂੰ ਨੋਟਿਸ ਵੀ ਭੇਜੇ ਗਏ ਸਨ।