ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਵੱਧਦੇ ਪੈਟਰੋਲ ਦੇ ਭਾਅ ਨੂੰ ਧਿਆਨ ਵਿੱਚ ਰੱਖਦਿਆਂ ਪਬਲਿਕ ਟ੍ਰਾਂਸਪੋਰਟ ਦੇ ਕਿਰਾਏ 3 ਮਹੀਨਿਆਂ ਲਈ ਅੱਧੇ ਕਰ ਦਿੱਤੇ ਸਨ। ਪਰ ਹੁਣ ਇੱਕ ਮਹੀਨੇ ਬਾਅਦ ਜੋ ਤੱਥ ਸਾਹਮਣੇ ਆਏ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ। ਨਿਊਜੀਲੈਂਡ ਦੇ ਸਿਰਫ 2 ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਵੈਲੰਿਗਟਨ ਵਿੱਚ ਹੀ ਇੱਕ ਤਿਹਾਈ ਅਜਿਹੇ ਲੋਕਾਂ ਦੀ ਗਿਣਤੀ ਵਧੀ ਹੈ, ਜਿਨ੍ਹਾਂ ਨੇ ਪਬਲਿਕ ਟ੍ਰਾਂਸਪੋਰਟ ਵਰਤਣੀ ਸ਼ੁਰੂ ਕਰ ਦਿੱਤੀ ਹੈ ਤੇ ਆਕਲੈਂਡ ਵਿੱਚ ਤਾਂ ਇਹ ਗਿਣਤੀ 50% ਵੱਧ ਗਈ ਹੈ।
ਨਿਊਜਹੱਬ ਰੀਡ ਦੇ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਲਗਭਗ 66.9% ਨਿਊਜੀਲੈਂਡ ਵਾਸੀ ਚਾਹੁੰਦੇ ਹਨ ਕਿ ਇਨ੍ਹਾਂ ਕਿਰਾਇਆ ਵਿੱਚ ਕਟੌਤੀ ਪੱਕੇ ਤੌਰ 'ਤੇ ਜਾਰੀ ਕੀਤੀ ਜਾਏ।
ਹਾਲਾਂਕਿ ਫਾਇਨਾਂਸ ਮਨਿਸਟਰ ਗ੍ਰਾਂਟ ਰਾਬਰਟਸਨ ਦਾ ਇਸ ਸਬੰਧੀ ਕਹਿਣਾ ਹੈ ਕਿ ਅਜੇ ਉਨ੍ਹਾਂ ਦਾ ਅਜਿਹਾ ਕੋਈ ਵਿਚਾਰ ਨਹੀਂ ਹੈ, ਪਰ ਕਲਾਈਮੇਟ ਚੇਂਜ ਮਨਿਸਟਰ ਜੇਮਸ ਸ਼ਾਅ ਇਸ ਮੁੱਦੇ 'ਤੇ ਕਾਫੀ ਗੰਭੀਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੱਕੇ ਤੌਰ 'ਤੇ ਰੇਟ ਘਟਾ ਕੇ ਨਿਊਜੀਲੈਂਡ ਵਿੱਚ ਪੈਦਾ ਹੋਣ ਵਾਲੇ ਕਾਰਬਨ ਅਮੀਸ਼ਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਕਿਉਂਕਿ ਆਮ ਲੋਕਾਂ ਦੀਆਂ ਗੱਡੀਆਂ ਤੋਂ ਕੁੱਲ ਪ੍ਰਦੁਸ਼ਣ ਦਾ ਲਗਭਗ 21% ਪ੍ਰਦੂਸ਼ਣ ਪੈਦਾ ਹੁੰਦਾ ਹੈ ਤੇ ਹੁਣ ਜਾਹਿਰ ਜਿਹੀ ਗੱਲ ਹੈ ਕਿ ਜੇਮਸ ਸ਼ਾਅ ਕਿਤੇ ਨਾ ਕਿਤੇ ਨਿਊਜੀਲੈਂਡ ਵਾਸੀਆਂ ਵਲੋਂ ਕੀਤੀ ਇਸ ਮੰਗ ਨੂੰ ਪਾਰਲੀਮੈਂਟ ਵਿੱਚ ਮੁੱਦਾ ਬਣਾ ਕੇ ਲਾਜਮੀ ਪੇਸ਼ ਕਰਨਗੇ।