ਆਕਲੈਂਡ (ਆਈਜ਼ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਉੱਪਰ ਅੱਜ ਵਿਰੋਧੀ ਧਿਰ ਨੈਸ਼ਨਲ ਪਾਰਟੀ ਵਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਸਪੋਕਸਪਰਸ਼ਨ ਐਰਿਕਾ ਸਟੈਨਫੋਰਡ ਨੇ ਅੱਜ ਜੱਮ ਕੇ ਭੜਾਸ ਕੱਢੀ | ਉਹਨਾਂ ਨੈਸ਼ਨਲ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਜਦੋਂ ਵੰਨ ਔਫ ਰੈਜ਼ੀਡੈਂਟ ਵੀਜ਼ੇ ਦਾ ਸਤੰਬਰ ਵਿਚ ਕ੍ਰਿਸ ਫਾਫੋਈ ਵਲੋਂ ਐਲਾਨ ਕੀਤਾ ਗਿਆ ਸੀ | ਉਸ ਮੌਕੇ ਉਹਨਾਂ ਵਾਅਦਾ ਕੀਤਾ ਸੀ ਕਿ ਸਤੰਬਰ 2022 ਤੱਕ 80 ਫ਼ੀਸਦ ਬਿਨੈਕਾਰਾਂ ਦੀਆਂ ਅਰਜ਼ੀਆਂ ਉੱਪਰ ਫੈਸਲਾ ਲੈ ਲਿਆ ਜਾਵੇਗਾ | ਹੁਣ ਜਦੋਂ ਤਕਰੀਬਨ ਅੱਠ ਮਹੀਨੇ ਬੀਤਣ ਵਾਲੇ ਹਨ ਤੇ ਇਮੀਗ੍ਰੇਸ਼ਨ ਮੰਤਰੀ ਦੇ ਦਾਅਵੇ ਵਾਲੀ ਤਾਰੀਖ ਨਜ਼ਦੀਕ ਆ ਰਹੀ ਹੈ ਤਾਂ ਉਹ ਆਪਣੇ ਦਾਅਵੇ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ | ਐਰਿਕਾ ਸਟੈਨਫੋਰਡ ਅਨੁਸਾਰ ਹੁਣ ਤੱਕ ਕੁੱਲ ਬਿਨੈਕਾਰਾਂ ਵਿਚੋਂ 25 ਫ਼ੀਸਦ ਨੂੰ ਵੀ ਵੰਨ ਔਫ ਰੈਜ਼ੀਡੈਂਟ ਵੀਜ਼ਾ ਨਹੀਂ ਮਿਲਿਆ , ਇਸ ਹਿਸਾਬ ਨਾਲ ਸਤੰਬਰ ਤੱਕ 50 ਫ਼ੀਸਦ ਦਾ ਅੰਕੜਾ ਵੀ ਤਹਿ ਕਰਨਾ ਅਸੰਭਵ ਜਿਹਾ ਹੀ ਲੱਗਦਾ ਹੈ | ਉਹਨਾਂ ਅਨੁਸਾਰ ਹੁਣ ਤੱਕ 892 ਬਿਨੇਕਾਰ ਹੀ ਹਰ ਹਫਤੇ ਨਿਊਜ਼ੀਲੈਂਡ ਦੇ ਪੱਕੇ ਰਿਹਾਇਸ਼ੀ ਬਣ ਰਹੇ ਹਨ ਜਦੋਂਕਿ ਔਸਤਨ ਜਰੂਰਤ 1692 ਦੀ ਹਰ ਹਫਤੇ ਹੈ , ਇਸੇ ਦਰ ਨਾਲ ਹੀ ਤਹਿ ਕੀਤਾ ਅੰਕੜਾ ਛੂਹਿਆ ਜਾ ਸਕਦਾ ਹੈ | ਪਰ ਬਤੌਰ ਕੋਈ ਜਿੰਮੇਵਾਰੀ ਤਹਿ ਕੀਤੇ ਇਹ ਮੁਸ਼ਕਲ ਹੈ , ਜਿਸ ਲਈ ਸਾਰੀ ਜਿੰਮੇਵਾਰੀ ਇਮੀਗ੍ਰੇਸ਼ਨ ਮੰਤਰੀ ਦੀ ਹੈ | ਘੱਟ ਸਟਾਫ ਹੋਣ ਦਾ ਬਹਾਨਾ ਇੱਕ ਮਾਤਰ ਬਹਾਨਾ ਹੈ ,ਨਵੇਂ ਕਰਮਚਾਰੀਆਂ ਦੀ ਭਰਤੀ ਕਿਸਨੇ ਕਰਨੀ ਹੈ ,ਇਹ ਸਵਾਲ ਦਾ ਜੁਆਬ ਵੀ ਇਮੀਗ੍ਰੇਸ਼ਨ ਮੰਤਰੀ ਕੋਲ ਹੀ ਹੈ |