ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਬੀਤੇ 2 ਦਿਨਾਂ ਵਿੱਚ ਹੀ ਕਈ ਲੁੱਟਾਂ ਤੇ ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਹਨ। ਆਕਲੈਂਡ ਵਿੱਚ ਇੱਕ ਛੋਟੇ ਕਾਰੋਬਾਰੀ ਦੀ ਪੁੜਪੁੜੀ 'ਤੇ ਬੰਦੂਕ ਰੱਖ ਜਿੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹੀ ਇੱਕ ਵੱਡੇ ਇਲੈਕਟ੍ਰੋਨਿਕਸ ਸਟੋਰ ਤੋਂ ਰਾਤ ਮੌਕੇ ਕਈ ਤਰ੍ਹਾਂ ਦਾ ਸਮਾਨ ਚੋਰੀ ਕੀਤੇ ਜਾਣ ਦੀ ਖਬਰ ਹੈ। ਅਜਿਹੀਆਂ ਘਟਨਾਵਾਂ ਬੀਤੇ ਸਮੇਂ ਵਿੱਚ ਲਗਾਤਾਰ ਵੱਧ ਰਹੀਆਂ ਹਨ ਤੇ ਕੋਈ ਵੀ ਕਾਰੋਬਾਰੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਜਿੱਥੇ ਪਹਿਲਾਂ ਹੀ ਕੋਰੋਨਾ ਦੀ ਮੰਦੀ ਦਾ ਸ਼ਿਕਾਰ ਕਾਰੋਬਾਰੀ ਹੁਣ ਇਨ੍ਹਾਂ ਲੁੱਟਾਂ ਦਾ ਸ਼ਿਕਾਰ ਹੋ ਰਹੇ ਹਨ, ਇਨ੍ਹਾਂ ਦਾ ਇਲਜਾਮ ਹੈ ਕਿ ਨਿਊਜੀਲੈਂਡ ਪੁਲਿਸ ਵੀ ਇਨ੍ਹਾਂ ਦੀ ਕੋਈ ਮੱਦਦ ਨਹੀਂ ਕਰ ਪਾ ਰਹੀ ਹੈ ਤੇ ਇਸ ਲਗਾਤਾਰ ਗੰਭੀਰ ਹੋ ਰਹੇ ਮੁੱਦੇ 'ਤੇ ਨਿਊਜੀਲੈਂਡ ਸਰਕਾਰ ਨੂੰ ਸਖਤ ਕਾਰਵਾਈ ਕਰਦਿਆਂ ਕੁਝ ਕੀਤੇ ਜਾਣ ਦੀ ਜਰੂਰਤ ਹੈ।
ਦੱਸਦੀਏ ਕਿ ਬੀਤੇ ਮਹੀਨੇ ਵਿੱਚ ਆਕਲੈਂਡ ਵਿੱਚ ਹਰ ਰੋਜ ਲੁੱਟ ਜਾਂ ਚੋਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਕਾਰੋਬਾਰਾਂ ਨੂੰ ਜਿੱਥੇ ਹਜਾਰਾਂ-ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਕਈ ਮਾਮਲਿਆਂ ਵਿੱਚ ਕਾਰੋਬਾਰੀਆਂ ਦੀ ਕੁੱਟਮਾਰ ਕਰਨ ਦੀਆਂ ਖਬਰਾਂ ਵੀ ਹਨ।