ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਬਾਰਡਰ ਜੋ ਕਿ ਸਰਕਾਰ ਵਲੋਂ ਪੂਰੀ ਤਰ੍ਹਾਂ ਅਕਤੂਬਰ ਵਿੱਚ ਖੋਲੇ ਜਾਣ ਦੀ ਯੋਜਨਾ ਸੀ, ਪਰ ਹੁਣ ਇਹ ਬਾਰਡਰ ਜੁਲਾਈ ਵਿੱਚ ਹੀ ਖੋਲੇ ਜਾਣ ਦੀ ਪੂਰੀ ਸੰਭਾਵਨਾ ਹੈ ਤੇ ਇਸ ਸਬੰਧੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅੱਜ ਐਲਾਨ ਕਰਕੇ ਵਿਸਥਾਰ ਜਾਣਕਾਰੀ ਵੀ ਦੇਣਗੇ।
ਬਾਰਡਰ ਪੂਰੀ ਤਰ੍ਹਾਂ ਖੁੱਲਣ ਦਾ ਮਤਲਬ ਹੈ ਕਿ ਟੂਰਿਸਟ, ਵਰਕਰ, ਪਰਿਵਾਰ ਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਵੀ ਬਾਰਡਰ ਖੋਲੇ ਜਾ ਰਹੇ ਹਨ।
ਮਾਹਿਰਾਂ ਨੇ ਕੋਰੋਨਾ ਦੇ ਖਤਰੇ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ: ਭਾਂਵੇ ਅਜੇ ਰੋਜਾਨਾ ਹਜਾਰਾਂ ਕੇਸਾਂ ਦੀ ਪੁਸ਼ਟੀ ਨਿਊਜੀਲੈਂਡ ਵਿੱਚ ਹੋ ਰਹੀ ਹੈ, ਪਰ ਇਸਦੇ ਬਾਵਜੂਦ ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰ-ਰਾਸ਼ਟਰੀ ਯਾਤਰੀਆਂ ਦੇ ਆਉਣ ਨਾਲ ਕੋਰੋਨਾ ਸਬੰਧੀ ਕੋਈ ਨਵਾਂ ਖਤਰਾ ਪੈਦਾ ਨਹੀਂ ਹੋ ਸਕਦਾ।
ਦੱਸਦੀਏ ਕਿ ਸਰਕਾਰ ਦੇ ਇਸ ਫੈਸਲੇ ਨਾਲ ਕਾਰੋਬਾਰੀਆਂ ਨੂੰ ਕਰਮਚਾਰੀਆਂ ਦੀ ਘਾਟ ਪੂਰੀ ਹੋਏਗੀ, ਪਰਿਵਾਰ ਦੇ ਪਰਿਵਾਰ ਆਪਣੇ ਪਰਿਵਾਰਿਕ ਮੈਂਬਰ ਨੂੰ ਮਿਲ ਸਕਣਗੇ, ਅੰਤਰ-ਰਾਸ਼ਟਰੀ ਵਿਦਿਆਰਥੀ ਮੁੜ ਤੋਂ ਨਿਊਜੀਲੈਂਡ ਪੜ੍ਹਣ ਆ ਸਕਣਗੇ।
ਇਸ ਗੱਲ 'ਤੇ ਵੀ ਸੁਆਲ ਚੁੱਕੇ ਜਾ ਰਹੇ ਹਨ ਇਮੀਗ੍ਰੇਸ਼ਨ ਨਿਊਜੀਲੈਂਡ ਜੋ ਕਿ ਕਰਮਚਾਰੀਆਂ ਦੀ ਘਾਟ ਕਾਰਨ ਪਹਿਲਾਂ ਹੀ ਵਨ ਆਫ ਰੈਜੀਡੈਂਟ ਵੀਜਿਆਂ ਦੇ ਬੇਕਲਾਗ ਨੂੰ ਕਲੀਅਰ ਕਰਨ ਵਿੱਚ ਲੱਗੀ ਹੋਈ ਹੈ, ਉਹ ਬਾਕੀ ਦੀਆਂ ਸ਼੍ਰੇਣੀਆਂ ਦੇ ਖੁੱਲਣ ਨਾਲ ਪੈਣ ਵਾਲੇ ਵਾਧੂ ਭਾਰ ਨੂੰ ਕਿਵੇਂ ਸੰਭਾਲੇਗੀ।