ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਨਿਊਜੀਲੈਂਡ ਦੇ ਬਾਰਡਰ ਹਰ ਤਰ੍ਹਾਂ ਦੀ ਸ਼੍ਰੇਣੀ ਦੇ ਲਈ 31 ਜੁਲਾਈ ਰਾਤ 11.59 ਤੋਂ ਖੁੱਲ ਜਾਣਗੇ।
ਇਸਦੇ ਨਾਲ ਹੀ ਹੋਰ ਕਈ ਅਹਿਮ ਇਮੀਗ੍ਰੇਸ਼ਨ ਐਲਾਨ ਵੀ ਹੋਏ ਹਨ, ਜਿਸ ਵਿੱਚ ਸੈਕਟਰ ਸਪੈਸੇਫਿਕ ਐਗਰੀਮੈਂਟ, ਨਵੀਂ ਗਰੀਨ ਲਿਸਟ ਜਿਸ ਵਿੱਚ 85 ਹੁਨਰਮੰਦ ਵਰਕ ਸ਼੍ਰੇਣੀਆਂ ਸ਼ਾਮਿਲ ਹਨ, ਨੂੰ ਪਹਿਲ ਦੇ ਆਧਾਰ 'ਤੇ ਰੇਜੀਡੇਂਸੀ ਦਿੱਤੀ ਜਾਏਗੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਦੇਸ਼ ਵਿੱਚ ਪਹਿਲਾਂ ਤੋਂ ਹੀ ਲਗਭਗ 20,000 ਪ੍ਰਵਾਸੀਆਂ ਦੇ ਵੀਜ਼ੇ ਵਧਾਏ ਜਾ ਰਹੇ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਜੋ ਘਰ ਵਿੱਚ ਆਪਣੇ ਸਾਥੀ ਨਾਲ ਆਈਸੋਲੇਟ ਕਰ ਰਹੀ ਹੈ, ਨੇ ਅੱਜ ਦੁਪਹਿਰ ਆਕਲੈਂਡ ਵਿੱਚ ਇੱਕ ਵਰਚੁਅਲ ਮੀਟਿੰਗ ਜਿਸ 'ਚ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਅਤੇ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਜ਼ ਵੀ ਸ਼ਾਮਿਲ ਸਨ, ਇਹ ਐਲਾਨ ਕੀਤੇ ਹਨ।
ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਵੀਜ਼ਾ-ਮੁਆਫੀ ਵਾਲੇ ਦੇਸ਼ਾਂ ਦੇ ਨਿਵਾਸੀਆਂ ਅਤੇ ਸੈਲਾਨੀਆਂ ਲਈ ਬਾਰਡਰ ਪਹਿਲਾਂ ਹੀ ਖੁੱਲਾ ਹੈ, ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਨਿਊਜ਼ੀਲੈਂਡ ਦੀ ਯਾਤਰਾ ਕਰਨ ਲਈ ਵੀਜ਼ਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਨਿਊਜੀਲੈਂਡ ਆਉਣ ਲਈ ਅਕਤੂਬਰ ਤੱਕ ਦਾ ਸਮਾਂ ਲੱਗ ਹੀ ਜਾਏਗਾ।
ਆਰਡਰਨ ਨੇ ਕਿਹਾ ਹੈ ਕਿ ਅੱਜ ਦਾ ਐਲਾਨ ਇਮੀਗ੍ਰੇਸ਼ਨ ਸੈਟਿੰਗਾਂ ਦਾ ਸਰਲੀਕਰਨ ਸੀ ਜੋ ਤੁਰੰਤ ਅਰਜਂਟ ਸਕਿੱਲ ਸ਼ਾਰਟੇਜ ਨੂੰ ਦੂਰ ਕਰੇਗਾ ਤੇ ਜਿਸਦੀ ਮੱਦਦ ਸਦਕਾ ਆਰਥਿਕ ਤੇਜੀ ਮੁੜ ਹਾਸਿਲ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਜ਼ਰੂਰੀ ਹੁਨਰ ਦੀ ਘਾਟ ਨੂੰ ਦੂਰ ਕਰਨ ਵਿੱਚ ਮੱਦਦ ਕਰਕੇ, ਸੈਰ-ਸਪਾਟਾ ਖੋਲ੍ਹਣ ਅਤੇ ਸਾਡੀਆਂ ਇਮੀਗ੍ਰੇਸ਼ਨ ਸੈਟਿੰਗਾਂ ਨੂੰ ਵਧੇਰੇ ਸੁਰੱਖਿਅਤ ਪੱਧਰ 'ਤੇ ਰੱਖ ਕੇ, ਅਸੀਂ ਨਿਊਜ਼ੀਲੈਂਡ ਦੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਪਣੀ ਸੰਪੂਰਨ ਯੋਜਨਾ 'ਤੇ ਕੰਮ ਕੀਤਾ ਹੈ।
ਇਸ ਮੌਕੇ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਨੇ ਦੱਸਿਆ ਕਿ ਗਰੀਨ ਸੂਚੀ ਵਿੱਚ ਕੰਸਟਰਕਸ਼ਨ, ਇੰਜੀਨੀਅਰਿੰਗ, ਟਰੇਡ, ਹੈਲਥ ਵਰਕਰ ਤੇ ਟੈਕ ਵਰਕਰ ਸ਼ਾਮਿਲ ਹੋਣਗੇ।
ਨਿਊ ਸੈਕਟਰ ਐਗਰੀਮੈਂਟ ਵਿੱਚ ਕੰਸਟਰਕਸ਼ਨ ਅਤੇ ਇਨਫਰਾਸਟਰਕਚਰ, ਮੀਟ ਪ੍ਰੋਸੈਸਿੰਗ, ਸੀਫੂਡ,ਸੀਜਨਲ ਸਨੋ ਤੇ ਐਡਵੇਂਚਰ ਟੂਰਿਜਮ ਸੈਕਟਰ ਲੋਅਰ-ਪੇਡ ਮਾਈਗ੍ਰੇਂਟ ਲੇਬਰ ਦੀ ਘਾਟ ਨੂੰ ਪੂਰੀ ਕਰਨਗੇ, ਪਰ ਨਾਲ ਭਵਿੱਖ ਵਿੱਚ ਇਨ੍ਹਾਂ 'ਤੇ ਪੂਰੀ ਤਰ੍ਹਾਂ ਨਿਰਭਰ ਨਾ ਰਹਿਣਾ ਪਏ, ਇਸ 'ਤੇ ਕੰਮ ਕਰਨਵਾ ਵੀ ਇਸ ਐਗਰੀਮੈਂਟ ਦਾ ਅਹਿਮ ਹਿੱਸਾ ਰਹੇਗਾ।
ਉਨ੍ਹਾਂ ਇਹ ਵੀ ਕਿਹਾ ਹੈ ਕਿ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ, ਜਿਸ ਵਿੱਚ ਦੋ ਵਾਰ ਦੇਰੀ ਹੋਈ ਹੈ ਦੇ ਜੁਲਾਈ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੰਮ ਦੀਆਂ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ:
ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਜ਼ ਨੇ ਇਸ ਮੌਕੇ ਕਿਹਾ ਹੈ ਕਿ ਅੰਤਰ-ਰਾਸ਼ਟਰੀ ਐਜੁਕੇਸ਼ਨ ਦੇ ਖੇਤਰ ਨੂੰ ਮੁੜ ਤੋਂ ਵਿਸਥਾਪਿਤ ਕੀਤਾ ਜਾਏਗਾ, ਪਰ ਨਾਲ ਹੀ ਉਨ੍ਹਾਂ ਇਸ਼ਾਰਾ ਦਿੱਤਾ ਹੈ ਕਿ ਲੋਅਰ-ਪੇਡ ਪ੍ਰਵਾਸੀ ਕਰਮਚਾਰੀਆਂ ਲਈ ਬੇਕਡੋਰ ਵਜੋਂ ਕੰਮ ਕਰਦੇ ਇਸ ਖਿੱਤੇ ਵਿੱਚ ਹੁਣ ਕੰਮ ਸਬੰਧੀ ਅਧਿਕਾਰਾਂ ਨੂੰ ਵਿਚਾਰਿਆ ਗਿਆ ਹੈ ਤਾਂ ਜੋ ਲੁੱਟ-ਖਸੁੱਟ ਨੂੰ ਘਟਾਇਆ ਜਾ ਸਕੇ।
ਤਬਦੀਲੀਆਂ:
- ਨਾਨ-ਡਿਗਰੀ ਲੇਵਲ ਕੋਰਸਾਂ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀ, (ਪ੍ਰਮਾਣਿਤ ਸ਼ਾਰਟ ਸਕਿੱਲ ਸ਼੍ਰੇਣੀ ਤੇ ਸਕਿੱਲਡ ਅਕੁਪੇਸ਼ਨ ਨੂੰ ਛੱਡ) ਪੋਸਟ ਸੱਟਡੀ ਵਰਕ ਪਰਮਿਟ ਹਾਸਿਲ ਕਰਨ ਦੇ ਹੱਕਦਾਰ ਨਹੀਂ ਹੋਣਗੇ।
- ਡਿਗਰੀ-ਪੱਧਰ ਅਤੇ ਹੋਰ ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਅਧਿਕਾਰ ਉਹਨਾਂ ਦੀ ਪੜ੍ਹਾਈ ਦੇ ਬਰਾਬਰ ਸਮੇਂ ਦੇ ਹੀ ਦਿੱਤੇ ਜਾਣਗੇ।
- ਮਾਸਟਰਜ਼ ਅਤੇ ਪੀਐਚਡੀ ਵਿਦਿਆਰਥੀ ਆਪਣੀ ਪੜ੍ਹਾਈ ਤੋਂ ਬਾਅਦ ਤਿੰਨ ਸਾਲਾਂ ਤੱਕ ਨਿਊਜ਼ੀਲੈਂਡ ਵਿੱਚ ਕੰਮ ਕਰਨ ਦਾ ਅਧਿਕਾਰ ਬਰਕਰਾਰ ਰੱਖਣਗੇ
- ਵਿਦਿਆਰਥੀ ਨਿਊਜ਼ੀਲੈਂਡ ਵਿੱਚ ਦੂਜੇ ਪੋਸਟ-ਸਟੱਡੀ ਵੀਜ਼ੇ ਲਈ ਵੀ ਅਪਲਾਈ ਨਹੀਂ ਕਰ ਸਕਣਗੇ
ਹਿਪਕਿਨਜ਼ ਨੇ ਇਸ ਮੌਕੇ ਇਹ ਵੀ ਕਿਹਾ ਕਿ ਕੁਝ ਵਿਦਿਆਰਥੀ ਵਰਤਮਾਨ ਵਿੱਚ ਸਿਰਫ 30 ਹਫ਼ਤਿਆਂ ਦੇ ਕੋਰਸ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਤਿੰਨ ਸਾਲਾਂ ਤੱਕ ਕੰਮ ਕਰਨ ਦੇ ਯੋਗ ਸਨ। ਪਰ ਭਵਿੱਖ ਵਿੱਚ ਅਜਿਹਾ ਸੰਭਵ ਨਹੀਂ ਹੋਏਗਾ।