ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅਜਿਹੇ ਬਹੁਤ ਪਰਿਵਾਰ ਹਨ, ਜਿਨ੍ਹਾਂ ਨੂੰ ਆਪਣੇ ਘਰਦਿਆਂ ਦੇ ਅੰਤਿਮ ਸੰਸਕਾਰ ਮੌਕੇ ਮਿਲਣ ਵਾਲੀ $2200 ਦੀ ਫਿਊਨਰਲ ਗ੍ਰਾਂਟ ਨਾਕਾਫੀ ਲੱਗਦੀ ਹੈ।
ਰੋਟੋਰੂਆ ਫਿਊਨਰਲ ਡਾਇਰੈਕਟਰ ਰਿਚਰਡ ਫੁਲਰਡ ਅਨੁਸਾਰ ਆਮ ਸੰਸਕਾਰ ਮੌਕੇ $6000 ਦੇ ਲਗਭਗ ਖਰਚਾ ਆਉਂਦਾ ਹੈ ਤੇ ਜੇ ਕਿਸੇ ਮ੍ਰਿਤਕ ਨੂੰ ਦਫਨਾਉਣਾ ਹੋਏ ਤਾਂ ਇਹ ਖਰਚਾ ਵੱਧ ਕੇ $8000 ਤੱਕ ਪੁੱਜ ਜਾਂਦਾ ਹੈ। ਫੁਲਰਡ ਅਨੁਸਾਰ ਸਰਕਾਰ ਵਲੋਂ ਜਾਰੀ ਗ੍ਰਾਂਟ ਇਨ੍ਹਾਂ ਖਰਚਿਆਂ ਦੇ ਲਾਗੇ ਵੀ ਨਹੀਂ ਹੈ ਤੇ ਇਸੇ ਕਾਰਨ ਕਈ ਵਾਰ ਪਰਿਵਾਰਾਂ ਨੂੰ ਆਪਣੇ ਮ੍ਰਿਤਕ ਪਰਿਵਾਰਿਕ ਮੈਂਬਰਾਂ ਦੇ ਅੰਤਿਮ ਸੰੰਸਕਾਰ ਮੌਕੇ ਕਾਫੀ ਜਿਆਦਾ ਵਿੱਤੀ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫੁਲਰਡ ਅਨੁਸਾਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਗ੍ਰਾਂਟ ਏਸੀਸੀ ਫਿਊਨਰਲ ਗ੍ਰਾਂਟ, ਜੋ ਕਿ $6000 ਹੈ, ਦੇ ਬਰਾਬਰ ਕਰਨੀ ਚਾਹੀਦੀ ਹੈ ਤਾਂ ਜੋ ਹਰ ਪਾਸਿਓਂ ਮਹਿੰਗਾਈ ਦਾ ਸਾਹਮਣਾ ਕਰ ਰਹੇ ਲੋੜਵੰਦ ਨਿਊਜੀਲੈਂਡ ਵਾਸੀਆਂ ਨੂੰ ਆਪਣੇ ਮ੍ਰਿਤਕ ਪਰਿਵਾਰਿਕ ਮੈਂਬਰਾਂ ਦੇ ਅੰਤਿਮ ਸੰਸਕਾਰ ਮੌਕੇ ਕਿਸੇ ਸੱਮਸਿਆ ਦਾ ਸਾਹਮਣਾ ਨਾ ਕਰਨਾ ਪਏ।