ਵਲਿੰਗਟਨ (ਤਰਨਦੀਪ ਬਿਲਾਸਪੁਰ) - ਨਿਊਜੀਲੈਂਡ ਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਅਗਵਾਈ ‘ਚ ਨੈਸ਼ਨਲ ਸੈਂਟਰ ਆਫ ਰਿਸਰਚ ਐਕਸੀਲੈਂਸ ਫਾਰ ਪਰਵੈਂਟਿੰਗ ਐਂਡ ਕਾਊਂਟਰਿੰਗ ਵਾਇਲੈਂਟ ਇਕਸਟਰੀਮਇਜਮ ਦੀ ਸ਼ੁਰੂਆਤ ਅੱਜ ਵਲਿੰਗਟਨ ਵਿਖੇ ਪ੍ਰਧਾਨ ਮੰਤਰੀ ਵੱਲੋਂ ਖੁਦ ਕੀਤੀ ਗਈ । ਜਿੱਥੇ ਇਸ ਮੌਕੇ ਵੱਖ ਵੱਖ ਯੂਨੀਵਰਸਿਟੀਜ ਦੇ ਪ੍ਰੋਫੈਸਰਜ , ਵੱਖ ਵੱਖ ਵਿਭਾਗਾਂ ਦੇ ਮੁਖੀ ,ਇਸਤੋਂ ਇਲਾਵਾ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵੱਲੋਂ ਇੱਕ ਇੱਕ ਪ੍ਰਤੀਨਿਧ ਸ਼ਾਮਿਲ ਹੋਇਆ । ਇਸ ਮੌਕੇ ਕੁੱਲ 60 ਅੰਤਰਰਾਸ਼ਟਰੀ ਤੇ ਰਾਸ਼ਟਰੀ ਪ੍ਰਤੀਨਿਧ ਸ਼ਾਮਿਲ ਸਨ । ਸਿੱਖ ਭਾਈਚਾਰੇ ਵੱਲੋਂ ਇਸ ਕੌਮੀ ਪੱਧਰ ਸੈਂਟਰ ਦੀ ਸਥਾਪਨਾ ਮੌਕੇ ਇਹ ਮਾਣ ਦਲਜੀਤ ਸਿੰਘ ਨੂੰ ਪ੍ਰਾਪਤ ਹੋਇਆ ।
ਦਲਜੀਤ ਸਿੰਘ ਅਨੁਸਾਰ ਇਸ ਨੈਸ਼ਨਲ ਸੈਂਟਰ ਦੀ ਸਥਾਪਤੀ ਦਾ ਮਕਸਦ ਮੁਲਕ ਵਿੱਚ ਵੱਸਦੀਆਂ ਘੱਟ ਗਿਣਤੀਆਂ ਪ੍ਰਤੀ ਜਾਣਕਾਰੀ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਕਰਨਾ ਹੋਵੇਗਾ ।
ਇਸ ਮੌਕੇ ਦਲਜੀਤ ਸਿੰਘ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨਾਲ ਖਾਸ਼ ਗੱਲਬਾਤ ਵੀ ਹੋਈ , ਇੱਥੇ ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬੀਤੇ ਦਿਨ ਹੀ ਅਮਰੀਕਾ ਤੋਂ ਵਾਪਿਸ ਆਏ ਸਨ , ਜਿਸ ਕਰਕੇ ਵਾਪਿਸੀ ਤੇ ਆਪਣੇ ਪਹਿਲੇ ਸਮਾਗਮ ‘ਚ ਵੀਹ ਮਿੰਟ ਲਈ ਹੀ ਉਹ ਹਾਜਿਰ ਹੋਏ । ਜਿਸ ਵਿੱਚ ਵੀ ਉਹਨਾਂ ਦਲਜੀਤ ਸਿੰਘ ਨੂੰ ਪੰਜ ਮਿੰਟ ਵਿਸ਼ੇਸ਼ ਤੌਰ ਤੇ ਦਿੱਤੇ ਜਿਸ ਦੌਰਾਨ ਉਹਨਾਂ ਤਮਾਮ ਧਾਰਮਿਕ ਮੁੱਦਿਆਂ ਜਿਹਨਾਂ ‘ਚ ਕਕਾਰਾਂ ਦਾ ਮਸਲੇ ਦੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ । ਦਲਜੀਤ ਸਿੰਘ ਨੇ ਇਸ ਮੌਕੇ ਆਪਣੀ ਸਮੁੱਚੇ ਪਰਵਾਸੀ ਭਾਈਚਾਰੇ ਪ੍ਰਤੀ ਬਣਦੀ ਜਿੰਮੇਵਾਰੀ ਤਹਿਤ ਮਾਪਿਆਂ ਦੇ ਪੱਕੇ ਵੀਜੇ , ਔਫਸੋਰ ਸਟੱਕ ਟੈਂਪਰੇਰੀ ਸਟੱਕ ਤੇ ਓਵਰ ਸਟੇਅ ਹੋ ਚੁੱਕੇ ਪਰਵਾਸੀਆਂ ਲਈ ਵੀਜੇ ਦੀ ਗੱਲ ਵੀ ਜ਼ੋਰ ਸ਼ੋਰ ਨਾਲ ਪ੍ਰਧਾਨ ਮੰਤਰੀ ਅੱਗੇ ਰੱਖੀ । ਉਹਨਾਂ ਕਿਹਾ ਕਿ ਕਿਸੇ ਵੀ ਭਾਈਚਾਰੇ ਦੀ ਸਮੱਸਿਆਂ ਤਦ ਹੀ ਹੱਲ ਹੋ ਸਕਦੀ ਹੈ , ਜਦੋਂ ਉਹ ਆਮ ਸ਼ਹਿਰੀ ਵਾਂਗ ਬਿਨਾਂ ਕਿਸੇ ਸੰਕਟ ਦੇ ਆਪਣੇ ਪਰਿਵਾਰ ਨਾਲ ਮੁਲਕ ਵਿੱਚ ਰਹਿ ਸਕਣ । ਇਸਤੇ ਪ੍ਰਧਾਨ ਮੰਤਰੀ ਨੇ ਜਲਦ ਹੀ ਟਾਕਾਨੀਨੀ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨ ਮੌਕੇ ਦਿੱਤੇ ਮੈਮੋਰੰਡਮ ਤੇ ਇੱਕ ਵਿਸਥਾਰਿਤ ਮੀਟਿੰਗ ਸਿੱਖ ਭਾਈਚਾਰੇ ਨਾਲ ਕਰਨ ਦੀ ਹਾਮੀ ਵੀ ਭਰੀ , ਜਿਸਤੇ ਆਉਣ ਵਾਲੇ ਦਿਨਾਂ ‘ਚ ਪ੍ਰਧਾਨ ਮੰਤਰੀ ਦਫਤਰ ਵੱਲੋਂ ਅਗਲੀ ਅੱਪਡੇਟ ਮਿਲੇਗੀ ।
ਦਲਜੀਤ ਸਿੰਘ ਅਨੁਸਾਰ ਉਹ ਹਮੇਸ਼ਾ ਆਪਣੇ ਤੌਰ ਤੇ ਹਰ ਉਸ ਸਥਾਨ ਤੇ ਭਾਈਚਾਰੇ ਦੀ ਗੱਲ ਰੱਖਦੇ ਰਹਿਣਗੇ । ਜਿੱਥੇ ਵੀ ਉਸ ਗੱਲਬਾਤ ਦਾ ਸਰਕਾਰ ਦੇ ਹਾਈ ਆਫੀਸਲਜ ਉੱਪਰ ਪ੍ਰਭਾਵ ਪੈਂਦਾ ਹੋਵੇ ।