ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੁਝ ਹਫਤਿਆਂ ਤੋਂ ਆਕਲੈਂਡ ਦੇ ਕਈ ਉਪਨਗਰਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਅਨਜਾਣ ਸ਼ਖਸ਼ਾਂ ਵਲੋਂ ਘਰਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਅਜਿਹੀ ਹੀ ਇੱਕ ਘਟਨਾ ਦੱਖਣੀ ਆਕਲੈਂਡ ਦੇ ਮੈਂਗਰੀ ਸਥਿਤ ਇਲਾਕੇ ਵਿੱਚ ਬੀਤੀ ਰਾਤ ਮੁੜ ਤੋਂ ਵਾਪਰੀ ਹੈ, ਜਿੱਥੇ ਰਾਤ 12.25 ਪੀਟੋ ਪਲੇਸ ਵਿਖੇ ਇੱਕ ਰਿਹਾਇਸ਼ੀ ਨੇ ਪੁਲਿਸ ਨੂੰ ਸੱਦਿਆ ਤੇ ਦੱਸਿਆ ਕਿ ਉਸ ਦੇ ਘਰ 'ਤੇ ਗੋਲੀਬਾਰੀ ਹੋਈ ਹੈ, ਗੋਲੀ ਉਸਦੀ ਖਿੜਕੀ ਵਿੱਚ ਮਾਰੀ ਗਈ ਸੀ ਤੇ ਚੰਗੀ ਕਿਸਮਤ ਨੂੰ ਕੋਈ ਵੀ ਇਸ ਕਾਰਨ ਜਖਮੀ ਨਹੀਂ ਹੋਇਆ ਸੀ।
ਪੁਲਿਸ ਦਾ ਇਸ ਸਬੰਧੀ ਕਹਿਣਾ ਹੈ ਕਿ ਉਹ ਰਿਹਾਇਸ਼ੀਆਂ ਨੂੰ ਭਰੋਸਾ ਦੁਆਉਂਦੀ ਹੈ ਕਿ ਅਜਿਹੀ ਘਟਨਾ ਨੂੰ ਹਲਕੇ ਵਿੱਚ ਨਹੀਂ ਲਏਗੀ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਰਹੇਗੀ। ਇਸ ਘਟਨਾ ਨੂੰ ਕਿਸੇ ਵੀ ਤਰ੍ਹਾਂ ਦੀ ਗੈਂਗਵਾਰ ਨਾਲ ਜੋੜਕੇ ਨਹੀਂ ਦੇਖਿਆ ਜਾ ਰਿਹਾ ਹੈ।