ਆਕਲੈਂਡ (ਅਵਤਾਰ ਸਿੰਘ ਟਹਿਣਾ) ਕੋਰੋਨਾ ਵਾਇਰਸ ਦੇ ਡਰ ਕਾਰਨ ਵਿਦੇਸ਼ੀ ਨਾਗਰਿਕਾਂ ਲਈ ਅੱਜ ਅੱਧੀ ਰਾਤ ਤੋਂ ਦਾਖ਼ਲਾ ਬੰਦ ਹੋ ਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅੱਜ ਵੀਰਵਾਰ ਰਾਤ 12 ਵਜੇ ਤੋਂ ਬਾਅਦ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਨਿਊਜ਼ੀਲੈਂਡ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਸਿਰਫ਼ ਨਿਊਜ਼ੀਲੈਂਡ ਦੇ ਸਿਟੀਜ਼ਨ ਤੇ ਪਰਮਾਨੈਂਟ ਰੈਜੀਡੈਂਟ ਹੀ ਆ ਸਕਣਗੇ। ਐੱਨਜ਼ੈੱਡ ਪੰਜਾਬੀ ਨਿਊਜ਼ ਨੇ ਬੁੱਧਵਾਰ ਨੂੰ ਇਸ ਗੱਲ ਦਾ ਸੰਕੇਤ ਦਿੱਤਾ ਸੀ ਅਗਲੇ ਦਿਨੀਂ ਬਾਰਡਰ ਬੰਦ ਹੋ ਸਕਦਾ ਹੈ।
ਨਿਊਜ਼ੀਲੈਂਂਡ ਸਰਕਾਰ ਨੇ ਬੁੱਧਵਾਰ ਨੂੰ ਵਿਦੇਸ਼ਾਂ 'ਚ ਘੁੰਮਣ ਗਏ ਨਿਊਜ਼ੀਲੈਂਡ ਵਾਸੀਆਂ ਨੂੰ ਵਾਪਸ ਘਰ ਮੁੜ ਆਉਣ ਦਾ ਸੱਦਾ ਦਿੱਤਾ ਸੀ। ਜਿਸ ਕਰਕੇ ਅਜਿਹਾ ਵੀ ਮੰਨਿਆ ਜਾਣ ਲੱਗ ਪਿਆ ਸੀ ਕਿ ਅਗਲੇ ਦਿਨੀਂਂ ਬਾਰਡਰ ਵੀ ਸੀਲ ਹੋ ਸਕਦਾ ਹੈ। ਬਾਰਡਰ ਸੀਲ ਕਰਨ ਸਬੰਧੀ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਵੀ ਪ੍ਰਧਾਨ ਮੰਤਰੀ ਦਫ਼ਤਰ ਨਾਲ ਰਾਬਤਾ ਬਣਾਇਆ ਹੋਇਆ ਸੀ ਤੇ ਕਈ ਤਰ੍ਹਾਂ ਦੇ ਸੁਝਾਅ ਵੀ ਭੇਜੇ ਸਨ। ਇਸ ਸਬੰਧ 'ਚ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਵੱਲੋਂ ਲਗਾਤਾਰ ਪ੍ਰਧਾਨ ਮੰਤਰੀ ਦਫ਼ਤਰ ਨਾਲ ਰਾਬਤਾ ਰੱਖਿਆ ਜਾ ਰਿਹਾ ਸੀ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਲੋਕਾਂ ਨੂੰ ਸੁਖੀ ਰੱਖਣ ਲਈ ਕਈ ਤਰ੍ਹਾਂ ਦੇ ਸੁਝਾਅ ਵੀ ਭੇਜੇ ਸਨ, ਜਿਨਾਂ 'ਚ ਬਾਰਡਰ ਨੂੰ ਸੀਲ ਕਰਨ ਬਾਰੇ ਵੀ ਅਪੀਲ ਕੀਤੀ ਗਈ ਸੀ ਤਾਂ ਜੋ ਬਾਹਰਲੇ ਕਿਸੇ ਦੇਸ਼ ਤੋਂ ਵਾਇਰਸ ਪੀੜਿਤ ਰੋਗੀ ਦੇਸ਼ ਅੰਦਰ ਦਾਖਲ ਨਾ ਹੋ ਸਕੇ।
ਜਿਸ ਪਿੱਛੋਂ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਹੋਏ ਤਾਜ਼ਾ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਸੀ ਕਿ ਵਿਦੇਸ਼ਾਂ 'ਚ ਗਏ ਨਿਊਜ਼ੀਲੈਂਡ ਸਿਟੀਜ਼ਨ ਵਾਪਸ ਆ ਜਾਣ ਕਿਉਂਕਿ ਏਅਰਲਾਈਨਾਂ ਯਾਤਰੀਆਂ ਦੀ ਘਾਟ ਕਾਰਨ ਆਪਣੀਆਂ ਫਲਾਈਟਾਂ ਘਟਾਈਆਂ ਜਾ ਰਹੀਆਂ ਹਨ ਅਤੇ ਆਸਟਰੇਲੀਆ ਸਮੇਤ ਕਈ ਦੇਸ਼ ਵਿਦੇਸ਼ੀ ਨਾਗਰਿਕਾਂ 'ਤੇ ਆਪਣੇ ਦੇਸ਼ 'ਚ ਦਾਖ਼ਲ ਹੋਣ ਬਾਰੇ ਤੇਜੀ ਨਾਲ ਪਾਬੰਦੀਆਂ ਵੀ ਲਾ ਰਹੇ ਹਨ।
ਵਰਣਨਯੋਗ ਹੈ ਕਿ ਆਸਟਰੇਲੀਆ ਵੱਲੋਂ ਵੀ ਇਤਿਹਾਸ 'ਚ ਪਹਿਲੀ ਵਾਰ ਲੈਵਲ 4 'ਟਰੈਵਲ ਬੈਨ' ਦਾ ਐਲਾਨ ਕੀਤਾ ਜਾ ਚੁੱਕਾ ਹੈ।