ਆਕਲੈਂਡ (ਤਰਨਦੀਪ ਬਿਲਾਸਪੁਰ) ਬੀਤੀ ਰਾਤ ਇੰਡੀਅਨ ਡਾਇਸਪੋਰਾ ਮੀਡੀਆ ‘ਚ ਅਹਿਮ ਸਥਾਨ ਰੱਖਣ ਵਾਲੇ ਅਦਾਰੇ ਇੰਡੀਅਨ ਨਿਊਜ ਲਿੰਕ ਵੱਲੋਂ ਬੀਤੀ ਰਾਤ ਕੀਤੇ ਗਏ ਸਲਾਨਾ ਐਵਾਰਡ ਫੰਕਸ਼ਨ ‘ਚ ਇੱਕ ਬਾਰ ਫੇਰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਨੂੰ ਤੀਸਰੇ ਸਾਲ ਲਗਾਤਾਰ ਆਰਗਨਾਈਜੇਸ਼ਨ ਆਫ ਦਾ ਈਯਰ ਦੇ ਐਵਾਰਡ ਨਾਲ ਸਨਮਾਨਿਆ ਗਿਆ । ਇਸ ਮੌਕੇ ਸਿੱਖ ਭਾਈਚਾਰੇ ਚੋਂ ਇਸ਼ਵੀਰ ਸਿੰਘ ਢਿੱਲੋਂ ਨੂੰ ਫੁੱਟਬਾਲ ‘ਚ ਸ਼ਾਈਨਿੰਗ ਸਟਾਰ ਐਵਾਰਡ ਮਿਲਿਆ , ਇਸ਼ਵੀਰ ਸਿੰਘ ਸੁਪਰੀਮ ਸਿੱਖ ਸੁਸਾਇਟੀ ਨਾਲ ਜੁੜੇ ਤਰਸੇਮ ਸਿੰਘ ਧੀਰੋਵਾਲੀਆ ਦੇ ਪੋਤਰੇ ਹਨ । ਇਸਤੋਂ ਇਲਾਵਾ ਪ੍ਰਿਥੀਪਾਲ ਸਿੰਘ ਬਸਰਾ ਨੂੰ ਭਾਰਤੀ ਭਾਈਚਾਰੇ ਲਈ ਸੇਵਾਵਾਂ ਬਦਲੇ , ਗੁਰਦੀਪ ਸਿੰਘ ਤਲਵਾਰ ਨੂੰ ਵੈਟਾਕਰੇ ਐਥਨਿਕ ਭਾਈਚਾਰੇ ਲਈ ਸੇਵਾਵਾਂ ਬਦਲੇ ਅਤੇ ਗੁਰਦੁਆਰਾ ਬੇਗਮਪੁਰਾ ਤੋਂ ਰਾਮ ਲਾਲ ਸਿੰਘ ਨੂੰ ਸਿੱਖ ਭਾਈਚਾਰੇ ‘ਚ ਕੀਤੇ ਕੰਮ ਲਈ ਸਨਮਾਨਿਤ ਕੀਤਾ ਗਿਆ ।
ਇੱਥੇ ਜਿਕਰਯੋਗ ਹੈ ਕਿ ਬੀਤੀ ਰਾਤ ਨਿਊਜ ਲਿੰਕ ਵੱਲੋਂ ਕੀਤੇ ਐਵਾਰਡ ਸਮਾਗਮ ‘ਚ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਉਕਤ ਐਵਾਰਡ ਦਲਜੀਤ ਸਿੰਘ , ਰਣਵੀਰ ਸਿੰਘ ਲਾਲੀ , ਮਨਜਿੰਦਰ ਸਿੰਘ ਬਾਸੀ , ਸਤਨਾਮ ਸਿੰਘ ਸੰਘਾ, ਤਰਸੇਮ ਸਿੰਘ ਧੀਰੋਵਾਲੀਆ , ਬਲਵਿੰਦਰ ਸਿੰਘ ਚੀਮਾ , ਪ੍ਰਿਥੀਪਾਲ ਸਿੰਘ ਬਸਰਾ , ਕੰਵਲਜੀਤ ਸਿੰਘ ਬਖਸ਼ੀ ਤੇ ਪਰਮਜੀਤ ਪਰਮਾਰ ਨੇ ਸਾਂਝੇ ਰੂਪ ‘ਚ ਪ੍ਰਾਪਤ ਕੀਤਾ ।
ਇਸ ਐਵਾਰਡ ਬਾਬਤ ਗੱਲਬਾਤ ਕਰਦਿਆਂ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਉਕਤ ਐਵਾਰਡ ਨੂੰ ਸਮੁੱਚੀ ਸਿੱਖ ਸੰਗਤ ਨੂੰ ਸਮਰਪਿਤ ਕੀਤਾ ਤੇ ਕਿਹਾ ਕਿ ਇਹ ਸਭ ਐਵਾਰਡ ਤੇ ਸਨਮਾਨ ਸੰਗਤ ਦੇ ਸਹਿਯੋਗ ਸਦਕਾ ਅਤੇ ਵਲੰਟੀਅਰਾਂ ਦੀ ਘਾਲਣਾ ਕਰਕੇ ਸੁਸਾਇਟੀ ਨੂੰ ਪ੍ਰਾਪਤ ਹੋ ਰਹੇ ਹਨ । ਸੋ ਸਭ ਦੇ ਸਹਿਯੋਗ ਨਾਲ ਅੱਗੇ ਵੀ ਸਮਾਜਿਕ ਤੇ ਧਾਰਮਿਕ ਖੇਤਰ ‘ਚ ਸੇਵਾਵਾਂ ਜਾਰੀ ਰਹਿਣਗੀਆਂ ।