ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਹੈਂਡਰਸਨ ਸਥਿਤ ਵੈਸਟਸਿਟੀ ਮਾਲ ਵਿੱਚ ਅੱਜ ਸ਼ਾਮ 3.40 ਦੇ ਲਗਭਗ ਇੱਕ ਗੁੰਡਾਗਰਦੀ ਦੀ ਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਨੂੰ ਛੁਰੇ ਮਾਰੇ ਜਾਣ ਦੀ ਖਬਰ ਹੈ। ਦੁਕਾਨਦਾਰਾਂ ਅਨੁਸਾਰ ਘਟਨਾ ਲੜਾਈ ਤੋਂ ਸ਼ੁਰੂ ਹੋਈ, ਜਿਸ ਵਿੱਚ 5 ਜਣੇ ਸ਼ਾਮਿਲ ਸਨ ਤੇ ਬਾਅਦ ਵਿੱਚ ਇੱਕ ਜਣੇ ਦੇ ਛੁਰੇ ਮਾਰੇ ਗਏ, ਜੋ ਜਖਮੀ ਹੋ ਗਿਆ ਤੇ ਬਾਕੀ ਜਣੇ ਮੌਕੇ ਤੋਂ ਫਰਾਰ ਹੋ ਗਏ।
ਮਾਲ ਵਿੱਚ ਮੌਜੂਦ ਸਕਿਓਰਟੀ ਗਾਰਡਾਂ ਵਲੋਂ ਦੋਸ਼ੀਆਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਾਰੇ ਮੌਕੇ ਤੋਂ ਭੱਜਣ ਵਿੱਚ ਸਫਲ ਰਹੇ। ਮੌਕੇ 'ਤੇ ਪੁੱਜੀ ਪੁਲਿਸ ਅਗਲੀ ਛਾਣਬੀਣ ਕਰ ਰਹੀ ਹੈ, ਜੇ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀਡੀਓ ਜਾਂ ਤਸਵੀਰਾਂ ਹੋਣ ਤਾਂ 105 ਨੰਬਰ 'ਤੇ ਕਾਲ ਕਰਕੇ ਪੁਲਿਸ ਦੀ ਮੱਦਦ ਕਰ ਸਕਦਾ ਹੈ।