ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਇਮੀਗ੍ਰੇਸ਼ਨ ਬਦਲਾਅ ਅਮਲ ਵਿੱਚ ਆ ਗਏ ਹਨ, ਪਰ ਇਸਦੇ ਬਾਵਜੂਦ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਦੱਸਿਆ ਹੈ ਕਿ ਉਹ ਮੌਜੂਦਾ ਨਵੀਆਂ ਸੈਟਿੰਗਸ 'ਤੇ ਨਿਗਾਹ ਬਣਾ ਕੇ ਰੱਖਣਗੇ ਅਤੇ ਜੇ ਨਰਸਾਂ ਦੇ ਸਬੰਧ ਵਿੱਚ ਕੋਈ ਸੱਮਸਿਆ ਸਾਹਮਣੇ ਆਉਂਦੀ ਹੈ ਤਾਂ ਇਸ ਲਈ ਬਦਲਾਅ ਕੀਤੇ ਜਾਣ 'ਤੇ ਵਿਚਾਰ ਕੀਤਾ ਜਾਏਗਾ।
ਹੋਏ ਬਦਲਾਵਾਂ ਤਹਿਤ ਜੋ ਫਾਸਟ-ਟਰੇਕ ਗਰੀਨ ਲਿਸਟ ਵਿੱਚ ਸ਼ਾਮਿਲ ਹੋਣਗੇ, ਉਹ ਵਰਕ ਵੀਜਾ ਹਾਸਿਲ ਕਰਨ ਦੇ 6 ਮਹੀਨੇ ਦੇ ਅੰਦਰ ਰੈਜੀਡੈਂਸ ਅਪਲਾਈ ਕਰ ਸਕਣਗੇ, ਜਦਕਿ ਬਾਕੀ (ਨਰਸਾਂ ਸਮੇਤ) ਵਰਕ ਟੂ ਰੈਜੀਡੈਂਸ ਪਾਥਵੇਅ 'ਤੇ ਰਹਿਣਗੇ, ਜਿਸ ਤਹਿਤ ਰੈਜੀਡੈਂਸ ਲਈ ਅਪਲਾਈ ਤਾਂ ਕੀਤਾ ਜਾ ਸਕੇਗਾ, ਪਰ 2 ਸਾਲ ਕੰਮ ਕਰਨ ਤੋਂ ਬਾਅਦ।
ਨਰਸਾਂ ਇਸ ਯੋਜਨਾ ਦੇ ਐਲਾਨੇ ਜਾਣ ਤੋਂ ਲੈਕੇ ਹੁਣ ਤੱਕ ਨਾਖੁਸ਼ ਹਨ ਤੇ ਉਨ੍ਹਾਂ ਦਾ ਸਾਫ ਕਹਿਣਾ ਹੈ ਕਿ ਪਹਿਲਾਂ ਹੀ ਨਿਊਜੀਲੈਂਡ ਵਿੱਚ ਨਰਸਾਂ ਦੀ ਘਾਟ ਹੈ ਤੇ ਇਸ ਦੇ ਲਈ ਇਹ ਯੋਜਨਾ ਉਨ੍ਹਾਂ ਲਈ ਜਿਆਦਾ ਕਾਰਗਰ ਸਾਬਿਤ ਨਹੀਂ ਹੋਏਗੀ।
ਬੇਹਰਹਾਲ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੂੰ ਮੌਜੂਦਾ ਬਦਲਾਵਾਂ 'ਤੇ ਭਰੋਸਾ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਇਹ ਕਹਿ ਦਿੱਤਾ ਹੈ ਕਿ ਲੋੜ ਪੈਣ 'ਤੇ ਬਦਲਾਅ ਦੇ ਲਈ ਉਹ ਤਿਆਰ ਰਹਿਣਗੇ।