ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਤੇ ਅਮਰੀਕਾ ਨਾਲ ਇੰਟਰਨੈਟ ਦੀ ਕਪੈਸਟੀ ਡਬਲ ਕਰਨ ਲਈ ਤੇ ਨਿਊਜੀਲੈਂਡ ਵਾਸੀਆਂ ਨੂੰ ਤੂਫਾਨੀ ਰਫਤਾਰ 'ਤੇ ਇੰਟਰਨੈਟ ਸੇਵਾ ਮੁੱਹਈਆ ਕਰਵਾਉਣ ਲਈ ਸਮੁੰਦਰ ਹੇਠਾਂ ਵਿਸ਼ੇਸ਼ ਕੇਬਲ ਪਾਈ ਗਈ ਹੈ।
'ਦ ਸਦਰਨ ਕਰੋਸ ਨੈਕਸਟ ਫਾਈਬਰ ਕੇਬਲ' ਨੂੰ ਵੱਧ ਰਹੀ ਮੰਗ ਦੇ ਕਾਰਨ ਵਿਛਾਇਆ ਗਿਆ ਹੈ ਤੇ ਇਸ ਵਿੱਚ ਇਨੀਂ ਜਿਆਦਾ ਸਮਰਥਾ ਹੈ ਕਿ 4.5 ਮਿਲੀਅਨ ਅਲਟਰਾ ਐਚ ਡੀ 4ਕੇ ਵੀਡੀਓ ਇੱਕੋ ਵੇਲੇ ਚਲਾਈਆਂ ਜਾ ਸਕਣਗੀਆਂ।
ਨਿਊਜੀਲੈਂਡ ਟੇਲਕੋ ਸਪਾਰਕ ਜੋ ਕਿ 'ਦ ਸਦਰਨ ਕਰੋਸ ਨੈਕਸਟ ਫਾਈਬਰ ਕੇਬਲ' ਨਾਲ ਭਾਈਵਾਲ ਹੈ, ਦੀ ਮੁੱਖ ਪ੍ਰਬੰਧਕ ਜੋਲੀ ਹੋਡਸਨ ਦਾ ਕਹਿਣਾ ਹੈ ਕਿ ਨਿਊਜੀਲੈਂਡ ਵਿੱਚ ਇਹ ਇੰਟਰਨੈਟ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ 'ਦ ਸਦਰਨ ਕਰੋਸ ਨੈਕਸਟ ਫਾਈਬਰ ਕੇਬਲ' ਨਵੀਆਂ ਆ ਰਹੀਆਂ ਇੰਟਰਨੈਟ ਤਕਨੀਕਾਂ ਜਿਵੇਂ ਕਿ 5ਜੀ ਮੋਬਾਇਲ ਤੇ ਇੰਟਰਨੈਟ ਲਈ ਵੀ ਸਹਾਈ ਸਾਬਿਤ ਹੋਏਗੀ।
ਦੱਸਦੀਏ ਕਿ 'ਦ ਸਦਰਨ ਕਰੋਸ ਨੈਕਸਟ ਫਾਈਬਰ ਕੇਬਲ' 15,840 ਕਿਲੋਮੀਟਰ ਲੰਬੀ ਹੈ ਜੋ ਕਿ ਲਾਸ ਐਂਜਲਸ ਤੋਂ ਸਿਡਨੀ ਤੱਕ ਆਉਂਦੀ ਹੈ ਤੇ ਆਕਲੈਂਡ, ਫੀਜੀ, ਟੋਕੀਲੋ, ਕਾਰੀਬਾਟੀ ਨਾਲ ਜੁੜੀ ਹੋਈ ਹੈ। ਇਸ ਕੇਬਲ ਨੂੰ ਪਾਉਣ ਲਈ 2 ਸਾਲ ਲੰਬਾ ਸਮਾਂ ਲੱਗਿਆ ਹੈ।