ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਆਕਾਸ਼ ਵਿੱਚ ਸਸਤੀਆਂ ਉਡਾਣਾ ਭਰਨਾ ਮੁੜ ਤੋਂ ਸੰਭਵ ਹੋਣ ਜਾ ਰਿਹਾ ਹੈ, ਅਜਿਹਾ ਇਸ ਲਈ ਕਿਉਂਕਿ ਅਲਟਰਾ ਲੋਅ ਕੋਸਟ ਏਅਰਲਾਈਨ ਏਅਰ ਏਸ਼ੀਆ ਐਕਸ ਨੇ ਮੁੜ ਤੋਂ ਆਕਲੈਂਡ ਲਈ ਸਸਤੀਆਂ ਉਡਾਣਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਏਅਰ ਲਾਈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਏਅਰਲਾਈਨ ਵਲੋਂ ਕੁਆਲਾਲੰਪੁਰ ਤੋਂ ਆਕਲੈਂਡ ਲਈ ਉਡਾਣਾ ਦੀ ਸ਼ੁਰੂਆਤ ਕੀਤੀ ਜਾਏਗੀ। ਆਕਲੈਂਡ ਆਉਣ ਵਾਲੀਆਂ ਉਡਾਣਾ ਸਿਡਨੀ ਤੋਂ ਹੋਕੇ ਆਉਣਗੀਆਂ ਤੇ ਆਸਟ੍ਰੇਲੀਆ ਛੁੱਟੀਆਂ ਮਨਾਉਣ ਜਾਣ ਵਾਲੇ ਨਿਊਜੀਲੈਂਡ ਵਾਸੀਆਂ ਲਈ ਇਹ ਵਧੀਆ ਖਬਰ ਹੈ, ਕਿਉਂਕਿ ਏਅਰ ਏਸ਼ੀਆ ਐਕਸ ਨੇ ਆਕਲੈਂਡ ਤੋਂ ਸਿਡਨੀ ਵਨ ਵੇਅ ਟਿਕਟ $169 ਵਿੱਚ ਦੇਣ ਦਾ ਫੈਸਲਾ ਲਿਆ ਹੈ, $618 ਫਲੇਟਬੈਡ ਪ੍ਰੀਮੀਅਮ ਪ੍ਰੋਡਕਟ ਲਈ ਅਦਾ ਕੀਤੇ ਜਾ ਸਕਦੇ ਹਨ। ਪਹਿਲੀ ਉਡਾਣ ਆਕਲੈਂਡ ਤੋਂ 1 ਨਵੰਬਰ ਤੋਂ ਸ਼ੁਰੂ ਹੋਏਗੀ।
ਦੱਸਦੀਏ ਕਿ ਇਸ ਵੇਲੇ ਆਸਟ੍ਰੇਲੀਆ ਲਈ ਏਅਰ ਨਿਊਜੀਲੈਂਡ ਤੇ ਕਵਾਂਟਸ ਏਅਰਲਾਈਨਜ਼ $500 ਤੋਂ $700 ਇੱਕ ਤਰਫਾ ਕਿਰਾਏ ਲੈ ਰਹੇ ਹਨ। ਇੱਕ ਨੰਵਬਰ ਤੋਂ ਇਨ੍ਹਾਂ ਏਅਰਲਾਈਨਜ਼ ਵਲੋਂ ਕ੍ਰਮਵਾਰ ਕਿਰਾਏ $265 ਤੇ $316 ਕਰਨ ਦਾ ਫੈਸਲਾ ਲਿਆ ਗਿਆ ਹੈ।