ਆਕਲੈਂਡ (ਹਰਪ੍ਰੀਤ ਸਿੰਘ) - ਬੜੀ ਹੈਰਾਨਗੀ ਹੁੰਦੀ ਹੈ, ਜਦੋਂ ਲੋਕ ਬਾਹਰੀ ਮੁਲਕਾਂ ਵਿੱਚ ਜਾਕੇ ਆਪਣੀ ਮਾੜੀ ਮਾਨਸਿਕਤਾ ਵੀ ਨਾਲ ਹੀ ਲੈਕੇ ਜਾਂਦੇ ਹਨ, ਅਜਿਹਾ ਹੀ ਅਮਰੀਕਾ ਦੇ ਨਿਊਯਾਰਕ ਏਅਰਪੋਰਟ 'ਤੇ ਜਿੱਥੇ ਦਲਜੀਤ ਸਿੰਘ ਨਾਮ ਦੇ ਸ਼ਖਸ ਨੇ ਆਪਣੇ ਮਾਪਿਆਂ ਨੂੰ ਇੰਡੀਆ ਤੋਂ ਇਸ ਲਈ ਅਮਰੀਕਾ ਸੱਦਿਆ ਸੀ ਤਾਂ ਜੋ ਇੱਕਲਾਪਣ ਦੂਰ ਕਰ ਸਕੇ, ਪਰ ਜਹਾਜ ਵਿੱਚ ਦਲਜੀਤ ਦੇ ਪਿਤਾ ਹਰਭਜਨ ਸਿੰਘ ਤੇ ਪਤਨੀ ਸਰਬਜੀਤ ਕੌਰ ਦੀ ਲੜਾਈ ਹੋ ਜਾਂਦੀ ਹੈ, ਲੜਾਈ ਦਾ ਕਾਰਨ ਪਰਾਂਠਿਆਂ ਵਿੱਚ ਲੂਣ ਦਾ ਘੱਟ ਹੋਣਾ ਦੱਸਿਆ ਜਾ ਰਿਹਾ ਹੈ।
ਇਹ ਲੜਾਈ ਜਹਾਜ ਵਿੱਚ ਹੀ ਨਹੀਂ ਖਤਮ ਹੁੰਦੀ, ਬਲਕਿ ਏਅਰਪੋਰਟ 'ਤੇ ਉੱਤਰਦੇ ਸਾਰ ਹੀ ਹਰਭਜਨ ਸਿੰਘ ਪਰਾਂਠੇ ਡਸਟਬਿਨ ਵਿੱਚ ਸੁੱਟ ਦਿੰਦੇ ਹਨ ਤੇ ਸਰਬਜੀਤ ਕੌਰ ਦੀ ਕੁੱਟਮਾਰ ਕਰ ਦਿੰਦੇ ਹਨ। ਇਹ ਸਭ ਦੇਖ ਸੁੱਰਖਿਆ ਅਧਿਕਾਰੀ ਉਨ੍ਹਾਂ ਨੂੰ ਸਕਿਓਰਟੀ ਏਰੀਆ ਵਿੱਚ ਲੈ ਜਾਂਦੇ ਹਨ।
ਜਦੋਂ ਸਰਬਜੀਤ ਤੋਂ ਉਸਦੇ ਪਤੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਬਾਰੇ ਪੁੱਛਿਆ ਜਾਂਦਾ ਹੈ ਤਾਂ ਸਰਬਜੀਤ ਇਹ ਕਹਿੰਦਿਆਂ ਕੋਈ ਕਾਰਵਾਈ ਨਹੀਂ ਕਰਨ ਦਿੰਦੀ ਕਿ ਅਜਿਹਾ ਤਾਂ ਅਕਸਰ ਹੀ ਉਨ੍ਹਾਂ ਵਿਚਕਾਰ ਹੁੰਦਾ ਰਹਿੰਦਾ ਹੈ।
ਪਰ ਦੱਸਦੀਏ ਕਿ ਇਹ ਗੱਲ ਅਮਰੀਕੀ ਅਧਿਕਾਰੀਆਂ ਨੂੰ ਪਸੰਦ ਨਹੀਂ ਆਉਂਦੀ ਤੇ ਇਹ ਕਹਿੰਦਿਆਂ ਦੋਨਾਂ ਨੂੰ ਡਿਪੋਰਟ ਕਰ ਦਿੰਦੇ ਹਨ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਦਾ ਉਨ੍ਹਾਂ ਦੇ ਦੇਸ਼ ਵਿੱਚ ਕੋਈ ਥਾਂ ਨਹੀਂ ਹੈ।