ਆਕਲੈਂਡ (ਹਰਪ੍ਰੀਤ ਸਿੰਘ) - ਪੈਟਰੋਲ ਪ੍ਰਾਇਸਿੰਗ ਐਕਸਪਰਟ 'ਜਿਪਸੀ' ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਭਰ ਵਿੱਚ ਪੈਟਰੋਲ ਦੇ ਭਾਅ $3 ਤੋਂ ਹੇਠਾਂ ਆ ਗਏ ਹਨ, ਜੋ ਕਿ ਕਾਰ ਚਾਲਕਾਂ ਲਈ ਵੱਡੀ ਰਾਹਤ ਹੈ, ਪਰ ਇਸਦੇ ਨਾਲ ਜਿਪਸੀ ਦਾ ਕਹਿਣਾ ਹੈ ਕਿ ਅਜੇ ਕਾਰ ਚਾਲਕਾਂ ਨੂੰ ਅਗਲੇ ਹਫਤੇ ਹੋਰ ਰਾਹਤ ਮਿਲੇਗੀ, ਕਿਉਂਕਿ ਅਗਲੇ ਹਫਤੇ ਵੀ ਪੈਟਰੋਲ ਦੇ ਮੁੱਲਾਂ ਵਿੱਚ ਗਿਰਾਵਟ ਦੀ ਭਵਿੱਖਬਾਣੀ ਹੈ।
ਅੱਜ ਸਵੇਰੇ ਵਲੰਿਗਟਨ ਦੇ ਵਾਇਟੋਮੋ 'ਤੇ ਮੁੱਲ $2.59 ਪ੍ਰਤੀ ਲਿਟਰ ਸੀ, ਆਕਲੈਂਡ ਦੇ ਕਾਲਟੇਕਸ 'ਤੇ $2.65 ਪ੍ਰਤੀ ਲਿਟਰ, ਕ੍ਰਾਈਸਚਰਚ ਦੇ ਵਾਇਟੋਮੋ ਵਿਖੇ $2.47 ਪ੍ਰਤੀ ਲਿਟਰ।
ਪੈਟਰੋਲ ਦੇ ਭਾਅ ਵਿੱਚ ਇਹ ਕਮੀ ਕਰੂਡ ਦੇ ਮੁੱਲਾਂ ਵਿੱਚ ਇੱਕ ਹਫਤੇ ਦੇ ਅੰਦਰ ਆਈ ਭਾਰੀ ਗਿਰਾਵਟ ਕਾਰਨ ਹੈ, ਜੋ ਕਿ $110 ਪ੍ਰਤੀ ਬੈਰਲ ਤੋਂ $96.78 ਆ ਪੁੱਜਾ ਹੈ। ਇਹ ਗਿਰਾਵਟ ਉਸ ਅਫਵਾਹ ਦਾ ਨਤੀਜਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਜਲਦ ਹੀ ਅਮਰੀਕਾ ਵਿੱਚ ਭਾਰੀ ਮੰਦੀ ਦੇਖਣ ਨੂੰ ਮਿਲ ਸਕਦੀ ਹੈ, ਇਸ ਕਾਰਨ ਕਰੂਡ ਦੀ ਮੰਗ ਇੱਕੋਦਮ ਘੱਟ ਗਈ ਅਤੇ ਮੁੱਲਾਂ ਵਿੱਚ ਇਨੀਂ ਜਿਆਦਾ ਗਿਰਾਵਟ ਦੇਖਣ ਨੂੰ ਮਿਲੀ।