ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਕਾਰਨ ਬੀਤੇ ਸਮੇਂ ਵਿੱਚ ਨਿਊਜੀਲੈਂਡ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਨਾ ਆਉਣ ਕਾਰਨ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਵਾਲੀ $1 ਬਿਲੀਅਨ ਦੀ ਕਮਾਈ ਐਜੁਕੇਸ਼ਨ ਖੇਤਰ ਹੱਥੋਂ ਖੁੱਸ ਗਈ ਹੈ ਤੇ ਇਸ ਕਾਰਨ ਵਿੱਦਿਅਕ ਸੰਸਥਾਵਾਂ ਕਾਫੀ ਵੱਡਾ ਆਰਥਿਕ ਸੰਕਟ ਮਹਿਸੂਸ ਕਰ ਰਹੀਆਂ ਹਨ। ਸੈਂਕੜੇ ਅਧਿਆਪਕ ਤਾਂ ਇਸ ਕਾਰਨ ਆਪਣੀਆਂ ਨੌਕਰੀਆਂ ਵੀ ਗੁਆ ਚੁੱਕੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਬਾਰਡਰ ਖੁੱਲਣ ਦੇ ਬਾਵਜੂਦ ਵੀ ਇਹ ਨੁਕਸਾਨ ਜਾਰੀ ਰਹੇਗਾ, ਕਿਉਂਕਿ ਬੀਤੇ ਸਮਿਆਂ ਦੇ ਮੁਕਾਬਲੇ ਅਜੇ ਬਹੁਤ ਘੱਟ ਵਿਦਿਆਰਥੀ ਨਿਊਜੀਲੈਂਡ ਆ ਰਹੇ ਹਨ।
31 ਜੁਲਾਈ ਨੂੰ ਜਦੋਂ ਬਾਰਡਰ ਖੁੱਲੇ ਤਾਂ ਉਸ ਵੇਲੇ 14,639 ਵਿਦਿਆਰਥੀ ਹੀ ਨਿਊਜੀਲੈਂਡ ਵਿੱਚ ਵਿਦਿਆਰਥੀ ਵੀਜੇ 'ਤੇ ਸਨ, ਜਦਕਿ ਮਾਰਚ 2020 ਵਿੱਚ ਬਾਰਡਰ ਬੰਦ ਹੋਣ ਮੌਕੇ ਨਿਊਜੀਲੈਂਡ ਵਿੱਚ ਵਿਦਿਆਰਥੀ ਵੀਜਿਆਂ ਦੀ ਗਿਣਤੀ 60,000 ਸੀ।
2020 ਵਿੱਚ ਵਿਦਿਆਰਥੀਆਂ ਤੋਂ $963 ਮਿਲੀਅਨ ਇੱਕਠੇ ਹੋਏ ਸਨ, 2021 ਵਿੱਚ $594 ਮਿਲੀਅਨ ਅਤੇ 2019 ਵਿੱਚ $1.2 ਬਿਲੀਅਨ।