ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਾਪਰਟੀ ਇਨਵੈਸਟਰ ਮੈਥਿਊ ਰਯਾਨ ਨੂੰ $1.1 ਮਿਲੀਅਨ ਦੇ ਘਰ ਦੇ ਕਰਜੇ 'ਤੇ ਪਹਿਲਾਂ ਜਿੱਥੇ $2000 ਕਿਸ਼ਤ ਦੇਣੀ ਪੈਂਦੀ ਸੀ, ਹੁਣ ਇਹ ਚਾਰ ਗੁਣਾ ਵੱਧ ਕੇ $8700 ਹੋ ਗਈ ਹੈ।
ਘਰਾਂ 'ਤੇ ਲੋਨ ਲੈਣ ਵਾਲਿਆਂ ਹਜਾਰਾਂ ਨਿਊਜੀਲੈਂਡ ਵਾਸੀਆਂ ਨੂੰ ਕਿਸ਼ਤਾਂ ਵਿੱਚ ਇਹ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਰਯਾਨ ਨੇ ਇਸ ਸਬੰਧੀ ਦੱਸਿਆ ਕਿ ਜਦੋਂ ਕੋਰੋਨਾਂ ਮਹਾਂਮਾਰੀ ਵੇਲੇ ਉਸਨੇ ਕਰਜਾ ਲਿਆ ਸੀ ਤਾਂ ਵਿਆਜ ਦਰ 2.19% ਸੀ, ਪਰ ਹੁਣ ਬੈਂਕ ਇਸ ਨੂੰ 4.95% ਕਰਨ ਜਾ ਰਹੇ ਹਨ, ਜੋ ਕਿ ਦੁੱਗਣੇ ਤੋਂ ਵੀ ਜਿਆਦਾ ਹੈ। ਇਨ੍ਹਾਂ ਹੀ ਨਹੀਂ ਪਹਿਲਾਂ ਉਸ ਦੀਆਂ ਕਿਸ਼ਤਾਂ ਵਿੱਚ ਸਿਰਫ ਵਿਆਜ ਹੀ ਜਾਂਦਾ ਸੀ, ਪਰ ਹੁਣ ਵਿਆਜ ਨਾਲ ਮੂਲਧਨ ਵੀ ਜਾਏਗਾ। ਜਿਸ ਕਾਰਨ ਇਹ ਕਿਸ਼ਤ ਵੱਧ ਕੇ $2000 ਤੋਂ $8700 ਤੱਕ ਪੁੱਜ ਜਾਏਗੀ। ਰਯਾਨ ਨੇ ਦੱਸਿਆ ਕਿ ਉਸਨੇ ਲੋਨ ਦੁਬਾਰਾ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਬੈਂਕ ਘੱਟ ਵਿਆਜ ਦਰ 'ਤੇ ਲੋਨ ਕਰਨ ਨੂੰ ਤਿਆਰ ਨਹੀਂ ਹੈ।