ਆਕਲੈਂਡ (ਹਰਪ੍ਰੀਤ ਸਿੰਘ) - ਹੈਵਲੋਕ ਨਾਰਥ ਵਿੱਚ ਨਦੀ ਕਿਨਾਰੇ ਖੜੀ ਸੜੀ ਕਾਰ ਵਿੱਚ ਮਿਲੀ ਸੜੀ ਹੋਈ ਮ੍ਰਿਤਕ ਦੇਹ ਦੀ ਪਹਿਚਾਣ ਹੋ ਚੁੱਕੀ ਹੈ। ਮ੍ਰਿਤਕਾ ਦੀ ਪਹਿਚਾਣ 18 ਸਾਲਾ ਨੌਜਵਾਨ ਮੁਟਿਆਰ ਅਰੀਕੀ ਰਿਗਬੀ ਵਜੋਂ ਹੋਈ ਹੈ, ਜੋ ਕਿ ਨੈਪੀਅਰ ਦੀ ਰਹਿਣ ਵਾਲੀ ਸੀ।
ਨੈਪੀਅਰ ਰਹਿੰਦਾ ਅਰੀਕੀ ਦਾ ਪਰਿਵਾਰ ਤੇ ਭਾਈਚਾਰਾ ਇਸ ਵੇਲੇ ਬਹੁਤ ਹੀ ਸਦਮੇ ਵਿੱਚ ਹੈ, ਕਿਉਂਕਿ ਪਰਿਵਾਰ ਜਾਂ ਅਰੀਕੀ ਦੀ ਜਿੰਦਗੀ ਵਿੱਚ ਕੁਝ ਵੀ ਅਜਿਹਾ ਨਹੀਂ ਹੋ ਰਿਹਾ ਸੀ, ਜੋ ਅਜਿਹਾ ਮਾੜਾ ਹਾਦਸਾ ਇਨ੍ਹਾਂ ਨਾਲ ਵਾਪਰਿਆ ਹੈ। ਅਰੀਕੀ ਬਹੁਤ ਹੀ ਹੋਣਹਾਰ ਤੇ ਦੂਜਿਆਂ ਦੀ ਮੱਦਦ ਕਰਨ ਵਾਲੀ ਲੜਕੀ ਸੀ।
ਸੋਸ਼ਲ ਮੀਡੀਆ 'ਤੇ ਪਾਈ ਪੋਸਟ ਮੁਤਾਬਕ ਅਰੀਕੀ ਨੂੰ ਅਖੀਰਲੀ ਵਾਰ 2 ਸਤੰਬਰ ਨੂੰ ਦੇਖਿਆ ਗਿਆ ਸੀ। ਅਰੀਕੀ ਦੀ ਲਾਸ਼ 5 ਸਤੰਬਰ ਨੂੰ ਪੁਲਿਸ ਨੂੰ ਮਿਲੀ ਸੀ ਤੇ ਤੱਦ ਤੋਂ ਹੀ ਉਸਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਪੁਲਿਸ ਵਲੋਂ ਆਮ ਲੋਕਾਂ ਨੂੰ ਇਸ ਕਤਲ ਮਾਮਲੇ ਵਿੱਚ ਮੱਦਦ ਦੀ ਅਪੀਲ ਕੀਤੀ ਗਈ ਹੈ।