ਆਕਲੈਂਡ (ਹਰਪ੍ਰੀਤ ਸਿੰਘ) - ਯੁਵਰਾਜ ਨਾਮ ਦਾ ਭਾਰਤੀ ਮੂਲ ਦਾ ਨੌਜਵਾਨ ਜਿਸ 'ਤੇ ਨਕਲੀ ਕਾਗਜਾਤ ਦਿਖਾਅ ਡਾਕਟਰੀ ਪੇਸ਼ੇ ਦੀ ਨੌਕਰੀ ਕਰਨ ਦੇ ਦੋਸ਼ ਲੱਗੇ ਹਨ, ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਯੁਵਰਾਜ 'ਤੇ ਇਸ ਮਸਲੇ ਵਿੱਚ 10 ਹੋਰ ਦੋਸ਼ ਦਾਇਰ ਕੀਤੇ ਗਏ ਹਨ।
ਯੁਵਰਾਜ ਨੇ ਇਸ ਤੋਂ ਪਹਿਲਾਂ ਚੜ੍ਹਦੀ ਸਤੰਬਰ ਵਿੱਚ ਨਕਲੀ ਕਾਗਜਾਤਾਂ ਦਾ ਲਾਹਾ ਲੈਣ ਦਾ ਦੋਸ਼ ਕਬੂਲਿਆ ਸੀ।
ਡਿਟੈਕਟਿਵ ਸਾਰਜੇਂਟ ਵੀਰੋਨਿਕਾ ਮੈਕਫਰਸਨ ਨੇ ਇਸ ਸਬੰਧ ਵਿੱਚ ਦੱਸਿਆ ਕਿ ਯੁਵਰਾਜ ਨੂੰ ਸੰਮਨ ਜਾਰੀ ਕਰ ਮੈਨੂਕਾਉ ਜਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਹਨ, ਯੁਵਾਰਜ ਦੀ ਪੇਸ਼ੀ 25 ਅਕਤੂਬਰ ਦੀ ਰੱਖੀ ਗਈ ਹੈ।
ਕਿਉਂਕਿ ਮਾਮਲਾ ਅਜੇ ਕੋਰਟ ਦੇ ਸਾਹਮਣੇ ਹੈ, ਇਸੇ ਲਈ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਵਧੇਰੇ ਬਿਆਨਬਾਜੀ ਜਾਰੀ ਨਹੀਂ ਕੀਤੀ ਹੈ।
ਯੁਵਰਾਜ ਕ੍ਰਿਸ਼ਨਨ ਨੇ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ 6 ਮਹੀਨੇ ਨੌਕਰੀ ਕੀਤੀ ਸੀ ਤੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਸਨੂੰ 19 ਅਗਸਤ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਦਸੰਬਰ 2021 ਵਿੱਚ ਉਸਨੇ ਨੌਕਰੀ ਲਈ ਅਪਲਾਈ ਕੀਤਾ ਸੀ, ਜਿਸ ਵਿੱਚ ਇੰਟਰਵਿਊ ਤੋਂ ਬਾਅਦ ਉਸਨੇ ਮੈਡੀਕਲ ਕਾਉਂਸਲ ਤੋਂ ਹਾਸਿਲ ਨਕਲੀ ਸਰਟੀਫਿਕੇਟ ਤੇ ਈਮੇਲ ਹਸਪਤਾਲ ਨੂੰ ਭੇਜੇ, ਜੋ ਇਹ ਤਸਦੀਕ ਕਰਦੇ ਸਨ ਕਿ ਉਹ ਇਸ ਪੇਸ਼ੇ ਵਿੱਚ ਨੌਕਰੀ ਕਰਨ ਦੇ ਯੋਗ ਹੈ।
ਨਿਊਜੀਲੈਂਡ ਰਜਿਸਟਰ ਆਫ ਡਾਕਟਰਜ਼ 'ਤੇ ਜਦੋਂ ਯੁਵਰਾਜ ਦਾ ਨਾਮ ਚੈੱਕ ਕੀਤਾ ਗਿਆ ਤਾਂ ਉਸਦਾ ਨਾਮ ਰਜਿਸਟਰ ਵਿੱਚ ਸ਼ਾਮਿਲ ਨਹੀਂ ਸੀ ਤੇ ਇਸ ਸਭ ਬਾਰੇ ਇੱਕ ਡਾਕਟਰ ਨੇ ਜਾਣਕਾਰੀ ਦਿੱਤੀ, ਜਿਸਨੇ ਯੁਵਰਾਜ ਦੇ ਨਾਮ ਤੋਂ ਪਹਿਚਾਣ ਕੀਤੀ ਸੀ, ਜੋ 2012 ਵਿੱਚ ਆਕਲੈਂਡ ਯੂਨੀਵਰਸਿਟੀ ਵਿੱਚ ਬਿਨ੍ਹਾਂ ਕੋਰਸ ਵਿੱਚ ਦਾਖਿਲਾ ਲਏ ਉੱਥੇ ਕਲਾਸਾਂ ਲਾ ਰਿਹਾ ਸੀ। ਉਸ ਤੋਂ ਬਾਅਦ ਯੁਵਾਰਜ 'ਤੇ ਯੂਨਿਵਰਸਿਟੀ ਵਿੱਚ ਦਾਖਿਲ ਹੋਣ 'ਤੇ ਰੋਕ ਲੱਗ ਗਈ ਸੀ।
ਪਹਿਲਾਂ ਵੀ ਇੱਕ ਡਾਕਟਰ ਨੇ ਯੁਵਰਾਜ ਨੂੰ ਇੱਕ ਨਕਲੀ ਸਟੂਡੈਂਟ ਆਈ ਡੀ ਵਰਤਦਿਆਂ ਫੜਿਆ ਸੀ।
ਮਿਡਲਮੋਰ ਹਸਪਤਾਲ ਵਿੱਚ ਨੌਕਰੀ ਤੋਂ ਪਹਿਲਾਂ ਯੁਵਰਾਜ ਟੀ ਵਾਟੂ ਟੀ ਟੋਕਾ ਟੁਮਾਈ ਆਕਲੈਂਡ ਡਿਸਟ੍ਰੀਕਟ ਹੈਲਥ ਬੋਰਡ ਵਿਖੇ ਨੌਕਰੀ ਕਰਦਾ ਸੀ ਤੇ ਉਸਦਾ ਰੋਲ ਸੁਪਰਵੀਜ਼ਨ ਅਧੀਨ ਨਾਨ-ਕਲੀਨਿਕਲ ਸੇਵਾਵਾਂ ਦਾ ਸੀ, ਜਿਸ ਵਿੱਚ ਉਸ ਦਾ ਨਾ ਤਾਂ ਮਰੀਜ ਨਾਲ ਸੰਪਰਕ ਹੁੰਦਾ ਸੀ ਤੇ ਨਾ ਹੀ ਇਸ ਲਈ ਕਿਸੇ ਮੈਡੀਕਲ ਐਜੁਕੇਸ਼ਨ ਦੀ ਜਰੂਰਤ ਸੀ।
ਇਸ ਤੋਂ ਪਹਿਲਾਂ ਕੋਰੋਨਾ ਦੌਰਾਨ ਵੀ ਯੁਵਰਾਜ 'ਤੇ ਗਲਤ ਡਰਾਈਵਿੰਗ ਕਰਨ ਦੇ ਚਾਰਜ ਲੱਗ ਚੁੱਕੇ ਸਨ ਤੇ ਆਪਣੇ ਹੱਕ ਵਿੱਚ ਉਸਨੇ ਕੋਰਟ ਵਿੱਚ 2 ਚਿੱਠੀਆਂ ਵੀ ਪੇਸ਼ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਮੈਡੀਕਲ ਕਾਉਂਸਲ ਤੇ ਇੱਕ ਡੀਐਚਬੀ ਕਲੀਨਿਕ ਤੋਂ ਸੀ, ਪਰ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਦੋਨੋਂ ਹੀ ਨਕਲੀ ਸਨ।