ਆਕਲੈਂਡ (ਹਰਪ੍ਰੀਤ ਸਿੰਘ) - ਰੋਜ਼ ਪੇਚਿੰਗ ਤੇ ਬਰੋਨਵਿਨ ਮਾਈਕਲ, ਜਿਨ੍ਹਾਂ ਨੇ ਜੂਨ 2020 ਵਿੱਚ ਇੱਕ ਕਰਮਚਾਰੀ ਨੂੰ ਆਪਣੇ ਫਾਰਮ 'ਤੇ ਕੰਮ 'ਤੇ ਰੱਖਿਆ ਸੀ, ਪਰ ਕੁਝ ਸਮੇਂ ਬਾਅਦ ਹੀ ਕਰਮਚਾਰੀ ਨੇ ਉਨ੍ਹਾਂ 'ਤੇ ਗੰਭੀਰ ਦੋਸ਼ ਲਾ ਦਿੱਤੇ ਕਿ ਉਨ੍ਹਾਂ ਵਲੋਂ ਕਰਮਚਾਰੀ ਨਾਲ ਕੰਮ 'ਤੇ ਧੱਕਾ ਕੀਤਾ ਜਾਂਦਾ ਹੈ ਤੇ ਇਸੇ ਲਈ ਕਰਮਚਾਰੀ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਤੇ ਮੁਆਵਜੇ ਵਜੋਂ ਮੋਟੇ ਪੈਸੇ ਦੀ ਮੰਗ ਕੀਤੀ। ਪਰ ਇਨ੍ਹਾਂ ਦੋਨਾਂ ਮਾਲਕਾਂ ਨੇ ਅਜਿਹਾ ਬਿਲਕੁਲ ਵੀ ਨਾ ਹੋਣ ਦਿੱਤਾ ਤੇ ਆਪਣੇ ਹੱਕ ਦੀ ਲੜਾਈ ਲਈ, ਜਿਸ 'ਤੇ ਉਨ੍ਹਾਂ ਦਾ $30,000 ਦੇ ਕਰੀਬ ਦਾ ਖਰਚਾ ਆ ਗਿਆ।
ਪਰ ਇਹ ਸਭ ਝੱਲਣ ਤੋਂ ਬਾਅਦ ਹੁਣ ਇਨ੍ਹਾਂ ਦੋਨਾਂ ਮਾਲਕਾਂ ਦਾ ਕਹਿਣਾ ਹੈ ਕਿ ਸਾਡੇ ਸਿਸਟਮ ਵਿੱਚ ਵੀ ਬਹੁਤ ਤਰੁੱਟੀਆਂ ਹਨ ਤੇ ਇਹ ਕਰਮਚਾਰੀ ਦਾ ਜਿਆਦਾ ਪੱਖਪਾਤ ਕਰਦੀਆਂ ਹਨ, ਜਦਕਿ ਮਾਲਕ ਇਸ ਸਭ ਵਿੱਚ ਆਪਣੇ ਆਪ ਨੂੰ ਬੰਨਿਆ ਹੋਇਆ ਮਹਿਸੂਸ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਜਿਸ ਕਰਮਚਾਰੀ ਨੇ ਉਨ੍ਹਾਂ 'ਤੇ ਦਾਅਵਾ ਕੀਤਾ ਸੀ, ਉਸਦੇ ਦੋਸ਼ ਸਾਬਿਤ ਨਾ ਹੋਣ ਦੇ ਬਾਵਜੂਦ ਉਸਨੂੰ ਮੁਫਤ ਸੇਵਾਵਾਂ ਵਜੋਂ ਵਕੀਲ ਦਿੱਤਾ ਗਿਆ, ਜੱਦਕਿ ਉਨ੍ਹਾਂ ਦੇ ਇਸ ਸਭ 'ਤੇ $30,000 ਦੇ ਲਗਭਗ ਖਰਚਾ ਆਇਆ, ਇਨ੍ਹਾਂ ਹੀ ਨਹੀਂ ਕਰਮਚਾਰੀ ਨੇ ਪਹਿਲੀ ਵਾਰ ਕਲੇਮ ਕੀਤੀ ਰਾਸ਼ੀ ਹੱਥ ਨਾ ਲੱਗਣ 'ਤੇ ਮੁੜ ਤੋਂ ਉਕਤ ਮਾਲਕਾਂ 'ਤੇ $355,000 ਮੁਆਵਜੇ ਦਾ ਦਾਅਵਾ ਕੀਤਾ ਸੀ, ਪਰ ਫਿਰ ਵੀ ਕਰਮਚਾਰੀ ਨੇ ਆਪਣੇ ਹੱਥ ਕੁਝ ਨਾ ਲੱਗਦਾ ਦੇਖ ਸ਼ਿਕਾਇਤ ਵਾਪਿਸ ਲੈ ਲਈ ਤੇ ਜਦੋਂ ਮਾਲਕਾਂ ਨੇ ਇਸ ਕੇਸ ਦੀ ਕਾਰਵਾਈ ਅੱਗੇ ਜਾਰੀ ਕਰਨ ਲਈ ਈ ਆਰ ਏ ਤੋਂ ਇਜਾਜਤ ਮੰਗੀ ਤਾਂ ਉਨ੍ਹਾਂ ਨੂੰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ।