ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਊਜੀਲੈਂਡ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਹ ਸੱਦਾ ਉਨ੍ਹਾਂ ਉਸ ਵੇਲੇ ਦਿੱਤਾ ਜਦੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ 'ਵਿਸ਼ਵ ਸਦਭਾਵਨਾ' ਇਵੈਂਟ ਵਿੱਚ ਹਿੱਸਾ ਲਿਆ ਜਾ ਰਿਹਾ ਸੀ, ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਨੂੰ ਦਰਸਾਉਂਦੀਆਂ 2 ਕਿਤਾਬਾਂ ਦੀ ਘੁੰਡ ਚੁਕਾਈ ਵੀ ਹੋਈ। ਮੌਕੇ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਉਨ੍ਹਾਂ ਕਿਹਾ ਕਿ ਭਾਰਤ ਤੇ ਨਿਊਜੀਲੈਂਡ ਵਿਚਾਲੇ ਨਾਤਾ ਬਹੁਤ ਮੱਹਤਵਪੂਰਨ ਹੈ। ਇਹ ਨਾਤਾ ਭਾਂਵੇ ਕਾਰੋਬਾਰੀ ਸਾਂਝ ਦੇ ਰੂਪ ਵਿੱਚ ਹੋਏ ਜਾਂ ਨਿਊਜੀਲੈਂਡ ਰਹਿ ਰਹੇ ਭਾਰਤੀ ਭਾਈਚਾਰੇ ਵਲੋਂ ਨਿਊਜੀਲ਼ੈਂਡ ਵਿੱਚ ਬਣਾਈ ਵੱਖਰੀ ਪਹਿਚਾਣ ਦੇ ਰੂਪ ਵਿੱਚ ਹੋਏ।