ਆਕਲੈਂਡ (ਹਰਪ੍ਰੀਤ ਸਿੰਘ) - ਅਵਨ ਸਿੰਘ ਨੇ ਬੜੇ ਹੀ ਭਾਵੁਕ ਹੁੰਦਿਆਂ ਦੱਸਿਆ ਹੈ ਕਿ ਕਿਸ ਤਰ੍ਹਾਂ ਪਾਪਾਟੋਏਟੋਏ ਦੇ ਮੋਬਿਲ ਪੈਟਰੋਲ ਸਟੇਸ਼ਨ 'ਤੇ ਗੱਡੀ ਵਿੱਚ ਤੇਲ ਭਰਵਾ ਰਹੇ ਉਸਦੇ ਭਰਾ 'ਤੇ ਕਿਸੇ ਨੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
9 ਅਕਤੂਬਰ ਸਵੇਰੇ 5.50 'ਤੇ ਹੋਏ ਇਸ ਹਮਲੇ ਵਿੱਚ ਕਿਸੇ ਅਨਜਾਣ ਵਿਅਕਤੀ ਵਲੋਂ ਅਵਨ ਸਿੰਘ ਦੇ ਭਰਾ ਦੇ ਚਿਹਰੇ 'ਤੇ ਹਥੌੜੇ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸਦਾ ਜਬਾੜਾ ਟੁੱਟ ਗਿਆ ਹੈ ਤੇ ਹੋਰ ਗੰਭੀਰ ਸੱਟਾਂ ਵੀ ਵੱਜੀਆਂ ਹਨ।
ਚੰਗੀ ਕਿਸਮਤ ਹੀ ਸੀ ਕਿ ਅਵਨ ਦਾ ਭਰਾ ਮੌਕੇ ਤੋਂ ਭੱਜਣ ਵਿੱਚ ਸਫਲ ਰਿਹਾ। ਪਹਿਲਾਂ ਤਾਂ ਉਸਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਹਮਲੇ ਦਾ ਡਰ, ਉਸਦੀ ਇੱਕ ਅੱਖ ਵਿੱਚੋਂ ਨਾ ਦਿਖਣਾ ਤੇ ਦੂਜੀ ਵਿੱਚੋਂ ਧੰੁਦਲਾ ਦਿਖਣ ਕਾਰਨ ਉਸਨੇ ਗੱਡੀ ਪਿੱਛੇ ਨੂੰ ਭਜਾਉਂਦਿਆਂ ਗੱਡੀ ਪਿੱਲਰ ਵਿੱਚ ਲੈ ਜਾ ਮਾਰੀ ਤੇ ਹਮਲਾਵਰ ਨੇ ਉਸ 'ਤੇ ਮੁੜ ਤੋਂ ਹਮਲਾ ਕਰ ਦਿੱਤਾ। ਫਿਰ ਉਹ ਕਿਸੇ ਤਰ੍ਹਾਂ ਮੌਕੇ ਤੋਂ ਭੱਜਣ ਵਿੱਚ ਸਫਲ ਰਿਹਾ ਤੇ ਆਪਣੇ ਨਜਦੀਕ ਰਹਿੰਦੇ ਕਜ਼ਨ ਕੋਲ ਪੁੱਜਾ, ਪਰ ਉਹ ੳੇੁਸ ਵੇਲੇ ਘਰ ਨਹੀਂ ਸੀ। ਫਿਰ ਉਸਨੂੰ ਯਾਦ ਆਇਆ ਕਿ ਨਜਦੀਕ ਹੀ ਮਿਡਲਮੋਰ ਹਸਪਤਾਲ ਹੈ ਤਾਂ ਉਹ ਕਿਸੇ ਤਰੀਕੇ ਹਸਪਤਾਲ ਪੁੱਜਾ ਤੇ ਗੇਟ ਦੇ ਕੋਲ ਪੁੱਜਦੇ ਹੀ ਬੇਹੋਸ਼ ਹੋ ਗਿਆ।
ਹਮਲਾ ਇਨ੍ਹਾਂ ਭਿਆਨਕ ਸੀ ਕਿ ਅਵਨ ਦਾ ਭਰਾ ਆਪਣੇ ਭਰਾ ਜਿਓਂਦਾ ਬਚਿਆ ਦੇਖ ਵਾਰ-ਵਾਰ ਭਾਵੁਕ ਹੋ ਰਿਹਾ ਹੈ ਤੇ ਰੱਬ ਦਾ ਸ਼ੁਕਰ ਮਨਾ ਰਿਹਾ ਹੈ।
ਪਰਿਵਾਰ ਵਾਲੇ, ਦੋਸਤ-ਮਿੱਤਰ ਸਭ ਇਸ ਹਮਲੇ ਤੋਂ ਸਹਿਮੇ ਹੋਏ ਹਨ, ਕਿਉਂਕਿ ਅਜੇ ਤੱਕ ਹਮਲਾਵਰ ਨੂੰ ਫੜਿਆ ਨਹੀਂ ਜਾ ਸਕਿਆ ਤੇ ਕੋਈ ਵੀ ਹੁਣ ਉਸ ਪੈਟਰੋਲ ਪੰਪ 'ਤੇ ਤੇਲ ਭਰਵਾਉਣ ਨਹੀਂ ਜਾ ਰਿਹਾ।
ਅਵਨ ਦੇ ਭਰਾ ਦੀ ਹਾਲਤ ਤਾ ਹੁਣ ਸਥਿਰ ਹੈ, ਪਰ ਉਸਨੂੰ ਲੱਗੀਆਂ ਗੰਭੀਰ ਸ਼ਰੀਰਿਕ ਤੇ ਮਾਨਸਿਕ ਸੱਟਾਂ ਕਾਰਨ ਉਸਨੂੰ ਇਸ ਘਟਨਾ ਵਿੱਚੋਂ ਉਭਰਣ ਲੱਗਿਆਂ ਕਈ ਮਹੀਨੇ ਦਾ ਸਮਾਂ ਲੱਗ ਜਾਏਗਾ।